30 ਨਵੰਬਰ 1992 ਨੂੰ ਭਾਈ ਜਗਜੀਤ ਸਿੰਘ ਉਧੋਕੇ ਅਤੇ ਸਾਥੀ ਸਿੰਘਾਂ ਨੂੰ ਪਿੰਡ ਸਿਕੰਦਰ ਜ਼ਿਲਾ ਫਤਿਹਗੜ ਸਾਹਿਬ ਵਿਖੇ ਮੁਖਬਰ ਦੀ ਸੂਹ ਤੇ ਪੁਲਿਸ ਨੇ ਘੇਰਾ ਪਾ ਲਿਆ । ਜਦੋ ਸਿੰਘਾਂ ਨੇ ਆਪਣੇ ਹੱਥ ਵਿਖਾਏ ਤਾਂ ਫੋਰਸਾਂ ਨੇ ਬੁਲਟ ਪਰੂਫ ਟਰੈਕਟਰ ਮੰਗਵਾ ਲਏ । ਟਰੈਕਟਰ ਦੀ ਛਤ ਤੇ ਭਾਰੀ ਮਸ਼ੀਨ ਗੰਨਾ ਲਗੀਆਂ ਹੋਈਆਂ ਸੀ | ਜਦ ਭਾਈ ਜਗਜੀਤ ਸਿੰਘ ਨੇ ਵੇਖਿਆ ਤਾਂ ਆਪ ਬੁਲਟ ਪਰੂਫ ਟਰੈਕਟਰ ਦੇ ਨੇੜੇ ਚਲੇ ਗਏ ਅਤੇ ਓਸਦੀ ਛਤ ਤੇ ਛਾਲ ਮਾਰ ਦਿਤੀ ਅਤੇ ਖੁਦ ਟਰੈਕਟਰ ਦੀ ਸਟੇਰਿੰਗ ਸੰਭਾਲ ਲਈ ਅਤੇ ਦੁਸ਼ਮਣ ਦਾ ਭਾਰੀ ਨੁਕਸਾਨ ਕੀਤਾ ।
ਪੁਲਿਸ ਨੇ ਮੀਡੀਆ ਨੂੰ ਦੱਸਿਆ ਕਿ ਇਹ 7 ਘੰਟੇ ਦਾ ਮੁਕਾਬਲਾ ਸੀ ਪਰ ਪਿੰਡ ਦੇ ਲੋਕਾਂ ਮੁਤਾਬਕ ਇਹ ਮੁਕਾਬਲਾ 24 ਘੰਟੇ ਤਕ ਚਲਿਆ ਸੀ,ਜਿਸ ਵਿਚ ਭਾਈ ਜਗਜੀਤ ਸਿੰਘ ਜੱਗੀ ਉਧੋਕੇ ਸ਼ਹੀਦ ਹੋ ਗਏ ਸਨ |
ਅਬਦਾਲੀ ਨੇ ਹਿੰਦੋਸਤਾਨ ਉੁਪਰ ਸੱਤਵੇ ਹਮਲੇ ਸਮੇਂ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ ਤੇ ਹਮਲਾ ਕਰ ਦਿੱਤਾ । ਉਸ ਸਮੇਂ ਉਥੇ ਕੇਵਲ 30 ਸਿੰਘ ਹੀ ਮੌਜੂਦ ਸਨ ।
ਭਾਈ ਰਤਨ ਸਿੰਘ (ਭੰਗੂ) ਲਿਖਦੇ ਹਨ –
ਕਰ ਕੰਗਨੋ, ਸਿਰ ਸੇਹਰੋ ਮੋਢੇ ਧਰ ਤਲਵਾਰ।
ਤਖਤੋਂ ਉਤਰ ਨਿਹੰਗ ਸਿੰਘ ਪੂਜਣ ਚਲਯੋ ਦਰਬਾਰ॥43॥
ਹਰਿਮੰਦਰ ਕੇ ਹਜੂਰ ਇਮ ਖੜ ਕਰ ਕਰੀ ਅਰਦਾਸ।
ਸਤਿਗੁਰ ਸਿੱਖੀ ਸੰਗ ਨਿਭੈ ਸੀਸ ਕੇਸਨ ਕੇ ਸਾਥ॥48॥
30 ਸਿੰਘਾ ਨੇ ਅਬਦਾਲੀ ਦੀਆ 36000 ਫੌਜ਼ਾ ਨੂੰ ਭਾਜੜਾ ਪਾ ਦਿੱਤੀਆ ਅਤੇ ਆਖਰੀ ਸਾਹ ਤੱਕ ਜੂਝਦੇ ਰਹੇ ।
ਦਸੰਬਰ 1704 ਦਾ ਮਹੀਨਾ ਸੀ, ਕੜਾਕੇ ਦੀ ਠੰਢ ਪੈ ਰਹੀ ਸੀ। ਦੁਸ਼ਮਣ ਦੀ ਫੌਜ ਨੂੰ ਅਨੰਦਪੁਰ ਸਾਹਿਬ ਦਾ ਘੇਰਾ ਪਾਈ ਅੱਠ ਮਹੀਨੇ ਤੋਂ ਵੱਧ ਹੋ ਗਏ ਸਨ। ਖਾਲਸਾ ਫੌਜਾਂ ਬੜੇ ਧੀਰਜ ਨਾਲ ਦੁਸ਼ਮਣ ਦਾ ਮੁਕਾਬਲਾ ਕਰ ਰਹੀਆਂ ਸਨ। ਕਿਲੇ ਵਿਚੋਂ ਰਸਦ ਪਾਣੀ ਮੁੱਕਦਾ ਜਾ ਰਿਹਾ ਸੀ। ਇਹੋ ਜਿਹਾ ਸਮਾਂ ਆ ਗਿਆ ਕਿ ਚਾਰ ਸਿੱਖ ਕਿਲ੍ਹੇ ਵਿਚੋਂ ਨਿਕਲਦੇ ਤੇ ਕਿਸੇ ਇਕ ਪਾਸੇ ਦੁਸ਼ਮਣ ‘ਤੇ ਹਮਲਾ ਕਰਕੇ ਦੋ ਸਿੱਖ ਸ਼ਹੀਦ ਹੋ ਜਾਂਦੇ ਤੇ ਦੋ ਜਿੰਨਾ ਹੋ ਸਕੇ ਰਸਦ-ਪਾਣੀ ਲੁੱਟ ਕੇ ਕਿਲ੍ਹੇ ਅੰਦਰ ਲੈ ਆਉਂਦੇ। ਸਮਕਾਲੀ ਕਵੀ ਸੈਨਾਪਤੀ ਨੇ ‘ਗੁਰੂ ਸ਼ੋਭਾ’ ਵਿਚ ਲਿਖਿਆ ਹੈ-
‘ਚਾਰਿ ਸਿੱਖ ਪਾਨੀ ਕਉ ਜਾਵੈ।
ਦੋ ਜੂਝੈ ਦੋ ਪਾਨੀ ਲਿਆਵੈ।’
ਆਖ਼ਰ 20 ਦਸੰਬਰ 1704 ਈ. ਨੂੰ ਰਾਤ ਦੇ ਪਹਿਲੇ ਪਹਿਰ ਸੰਗਤਾਂ ਦੇ ਜ਼ੋਰ ਪਾਉਣ ’ਤੇ ਸ਼ਸਤਰ ਅਤੇ ਗੋਲੀ ਬਾਰੂਦ ਅਤੇ ਸਾਹਿਤ ਨੂੰ ਸੰਭਾਲ ਕੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਨੂੰ ਛੱਡ ਦਿੱਤਾ। ਦੁਸ਼ਮਣ ਫੌਜ਼ਾਂ ਵੱਲੋਂ ਸਭ ਕਸਮਾਂ ਵਾਅਦੇ ਭੁਲਾ ਕੇ ਪਿਛੋਂ ਹਮਲਾ ਕਰ ਦਿੱਤਾ। ਸਾਹਿਬਜ਼ਾਦਾ ਅਜੀਤ ਸਿੰਘ ਅਤੇ ਉਦੈ ਸਿੰਘ ਆਦਿ ਯੋਧੇ ਆਉਂਦੀ ਫੌਜ ਨੂੰ ਰੋਕਣ ਲਈ ਡੱਟ ਗਏ ਤਾ ਕਿ ਗੁਰੂ ਸਾਹਿਬ ਅਤੇ ਪਰਿਵਾਰ ਸੰਗਤ ਸਮੇਤ ਸਰਸਾ ਪਾਰ ਕਰ ਜਾਣ ।
ਅਨੰਦਪੁਰ ਦਾ ਕਿਲ੍ਹਾ ਛੱਡਣ ਤੋਂ ਬਾਅਦ ਗੁਰੂ ਸਾਹਿਬ ਦਾ ਕਾਫਲਾ ਅਜੇ ਕੁਝ ਦੂਰ ਹੀ ਗਿਆ ਸੀ ਕਿ ਦੁਸ਼ਮਣ ਦੀ ਫੌਜ ਨੇ ਸਾਰੇ ਵਾਅਦੇ ਤੋੜ ਕੇ ਅੰਮ੍ਰਿਤ ਵੇਲੇ ਹਮਲਾ ਕਰ ਦਿੱਤਾ। ਦਸਮੇਸ਼ ਪਿਤਾ ਜੀ ਨੇ ਜਥਿਆਂ ਨੂੰ ਵੈਰੀ ਦਾ ਡਟ ਕੇ ਟਾਕਰਾ ਕਰਨ ਦਾ ਹੁਕਮ ਦਿੱਤਾ। ਜਦ ਤਕ ਵਹੀਰ ਸਰਸਾ ਪਾਰ ਨਹੀਂ ਕਰ ਜਾਂਦੀ ਤਦ ਤਕ ਵੈਰੀਆਂ ਦਾ ਟਾਕਰਾ ਕਰਦੇ ਰਹਿਣਾ। ਸਿਰਸਾ ਨਦੀ ਦੇ ਕੰਢੇ ਰਾਤ ਵੇਲੇ ਯੁੱਧ ਹੋਇਆ। ਮੀਂਹ ਪੈਣਾ ਸ਼ੁਰੂ ਹੋ ਗਿਆ। ਸਰਸਾ ਨਦੀ ਪੂਰੇ ਵੇਗ ਵਿਚ ਸੀ ਅਤੇ ਕਾਲੀ ਬੋਲੀ ਦਸੰਬਰ ਦੀ ਰਾਤ ਵੇਲੇ ਸਰਸਾ ਪਾਰ ਕਰਨ ਦੀ ਕੋਸ਼ਿਸ਼ ਵਿਚ ਕਈ ਸਿੰਘ ਪਾਣੀ ਦੇ ਤੇਜ ਬਹਾਵ ਵਿਚ ਰੁੜ੍ਹ ਗਏ। ਵਡਮੁੱਲਾ ਸਿੱਖ ਸਾਹਿਤ ਵੀ ਸਰਸਾ ਨਦੀ ਵਿੱਚ ਰੁੜ ਗਿਆ । ਪਰਿਵਾਰ ਵਿਚ ਵਿਛੋੜਾ ਪੈ ਗਿਆ।
ਗੁਰੂ ਜੀ ਅਤੇ ਦੋ ਵੱਡੇ ਸਾਹਿਬਜ਼ਾਦੇ ਕੋਈ 40 ਸਿੰਘਾਂ ਨਾਲ ਸਰਸਾ ਪਾਰ ਕਰ ਗਏ ਅਤੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ (ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ) ਗੁਰੂ ਜੀ ਤੋਂ ਵਿਛੜ ਗਏ ਅਤੇ ਅੱਗੇ ਜਾ ਕੇ ਗੰਗੂ ਨੂੰ ਮਿਲ ਪਏ ਅਤੇ ਉਸਦੇ ਨਾਲ ਉਸਦੇ ਘਰ ਚਲੇ ਗਏ । ਗੁਰੂ ਜੀ ਦੇ ਮਹਿਲ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਵੱਲ ਨੂੰ ਹੋ ਤੁਰੇ।
ਦਸਮੇਸ਼ ਪਿਤਾ ਵੱਡੇ ਸਾਹਿਬਜ਼ਾਦਿਆਂ ਅਤੇ ਗਿਣਤੀ ਦੇ ਸਿੰਘਾਂ ਸਮੇਤ ਚਮਕੌਰ ਦੀ ਗੜੀ ਵਿਖੇ ਪੁੱਜੇ। ਸ਼ਾਹੀ ਫੌਜਾਂ ਵੀ ਮਗਰ-ਮਗਰ ਚਮਕੌਰ ਸਾਹਿਬ ਪੁੱਜ ਗਈਆਂ ਤੇ ਗੜ੍ਹੀ ਨੂੰ ਘੇਰ ਲਿਆ। ਸੰਸਾਰ ਦੀ ਪਹਿਲੀ ਅਸਾਵੀਂ ਤੇ ਬੇਜੋੜ ਜੰਗ ਦੀ ਤਿਆਰੀ ਹੋਣ ਲੱਗੀ। ਕੱਚੀ ਗੜ੍ਹੀ ਵਿੱਚ ਸੂਰਮਤਾਈ ਨਾਲ ਚਾਲੀ ਭੁੱਖਣ-ਭਾਣੇ ਸਿੰਘਾਂ ਨੇ 10 ਲੱਖ ਦੀ ਸੈਨਾ ਦਾ ਟਾਕਰਾ ਕੀਤਾ। ਜੰਗ ਆਰੰਭ ਹੋਈ, 5-5 ਸਿੰਘ ਜਥੇ ਦੇ ਰੂਪ ਵਿੱਚ ਗੜ੍ਹੀ ਤੋਂ ਬਾਹਰ ਨਿਕਲ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਰਹੇ ਸਨ I
ਰਾਤ ਪੈਣ ‘ਤੇ ਲੜਾਈ ਬੰਦ ਹੋ ਗਈ। ਉਸ ਸਮੇਂ ਗੜ੍ਹੀ ਵਿਚ ਗੁਰੂ ਸਾਹਿਬ ਸਮੇਤ ਕੇਵਲ 11 ਸਿੰਘ ਬਾਕੀ ਰਹਿ ਗਏ ਸਨ ਇਨ੍ਹਾਂ ਸਿੰਘਾਂ ਨੇ ਆਪਣੇ ਵਿਚੋਂ ਹੀ ਭਾਈ ਦਇਆ ਸਿੰਘ ਦੀ ਅਗਵਾਈ ਵਿਚ ਪੰਜ ਪਿਆਰੇ ਚੁਣ ਲਏ ਅਤੇ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਇਨ੍ਹਾਂ ਪੰਜ ਪਿਆਰਿਆਂ ਨੇ ਗੁਰੂ ਸਾਹਿਬ ਨੂੰ ਉਸੇ ਵੇਲੇ ਗੜ੍ਹੀ ਵਿਚੋਂ ਬਚ ਕੇ ਨਿਕਲ ਜਾਣ ਲਈ ਹੁਕਮਨੁਮਾ ਬੇਨਤੀ ਕੀਤੀ। ਗੁਰੂ ਸਾਹਿਬ ਨੇ ਇਸ ਬੇਨਤੀ ਨੂੰ ਖਾਲਸੇ ਦਾ ਹੁਕਮ ਮੰਨ ਕੇ ਪ੍ਰਵਾਨ ਕਰ ਲਿਆ ਅਤੇ ਆਪਣੇ ਅਸਤਰ, ਸ਼ਸਤਰ ਤੇ ਵਸਤਰ ਉਤਾਰ ਕੇ ਬਾਬਾ ਸੰਗਤ ਸਿੰਘ ਨੂੰ ਪਹਿਨਾ ਦਿੱਤੇ ਅਤੇ ਆਪਣੀ ਹੀਰਿਆਂ ਜੜੀ ਕਲਗੀ ਉਤਾਰ ਕੇ ਉਸ ਦੇ ਸਿਰ ‘ਤੇ ਸਜਾ ਦਿੱਤੀ ਇਹ ਫੈਸਲਾ ਲਿਆ ਗਿਆ ਕਿ ਤਿੰਨ ਸਿੰਘ-ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ-ਗੁਰੂ ਸਾਹਿਬ ਦਾ ਸਾਥ ਦੇਣਗੇ ਅਤੇ ਬਾਕੀ ਸਿੰਘ ਬਾਬਾ ਸੰਗਤ ਸਿੰਘ ਸੰਗ ਗੜ੍ਹੀ ਵਿਚ ਹੀ ਟਿਕੇ ਰਹਿਣਗੇ। ਗੁਰੂ ਸਾਹਿਬ ਅਤੇ ਤਿੰਨੋਂ ਸਿੰਘ ਇਕ-ਇਕ ਕਰਕੇ ਗੜ੍ਹੀ ਤੋਂ ਬਾਹਰ ਨਿਕਲ ਗਏ ਅਤੇ ਵੱਖਰੇ-ਵੱਖਰੇ ਰਾਹ ਪੈ ਗਏ।
ਉਧਰ ਦੂਜੇ ਪਾਸੇ ਚਮਕੌਰ ਦੀ ਗੜੀ ਅਗਲੀ ਸਵੇਰ ਦਿਨ ਚੜਦੇ ਨੂੰ ਮੁਗ਼ਲਾਂ ਨੇ ਗੜ੍ਹੀ ਵੱਲ ਨਜ਼ਰ ਮਾਰੀ, ਉਨ੍ਹਾਂ ਨੂੰ ਮਮਟੀ ’ਤੇ ਬੈਠੇ ਭਾਈ ਸੰਗਤ ਸਿੰਘ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਿਖਾਈ ਦੇ ਰਹੇ ਸਨ । ਤੇ ਮੁਗ਼ਲ ਬੜੇ ਹੀ ਖੁਸ਼ ਹੋਏ ਕਿ ਗੜ੍ਹੀ ਵਿਚ ਪੰਜ-ਸੱਤ ਸਿੰਘ ਹਨ, ਇਕ ਹੱਲੇ ਨਾਲ ਹੀ ਗੜ੍ਹੀ ਸਰ ਕਰ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਊਂਦਿਆਂ ਹੀ ਫੜ ਲਿਆ ਜਾਵੇਗਾ। ਇਹ ਸੋਚ ਕੇ ਮੁਗ਼ਲਾਂ ਨੇ ਗੜ੍ਹੀ ’ਤੇ ਹਮਲਾ ਕਰ ਦਿੱਤਾ। ਮੁੱਠੀ-ਭਰ ਸਿੰਘਾਂ ਨੇ ਡੱਟ ਕੇ ਮੁਕਾਬਲਾ ਕੀਤਾ, ਜਿੰਨਾ ਚਿਰ ਉਨ੍ਹਾਂ ਪਾਸ ਗੋਲੀ-ਸਿੱਕੇ ਦਾ ਭੰਡਾਰ ਰਿਹਾ ਦੁਸ਼ਮਣ ਨੂੰ ਲਾਗੇ ਨਹੀਂ ਢੁਕਣ ਦਿੱਤਾ। ਜਦੋਂ ਤੀਰ ਤੇ ਗੋਲੀ-ਸਿੱਕਾ ਮੁੱਕ ਗਿਆ ਤਾਂ ਲੜਾਈ ਹੱਥੋ-ਹੱਥੀ ਹੋ ਗਈ। ਇਕ-ਇਕ ਕਰ ਕੇ ਸਾਰੇ ਸਿੰਘ ਜਾਮ-ਏ-ਸ਼ਹਾਦਤ ਪੀ ਗਏ। ਬਾਬਾ ਸੰਗਤ ਸਿੰਘ ਜੀ ਚਾਰੇ ਪਾਸੇ ਤੋਂ ਦੁਸ਼ਮਣਾ ਵਿਚ ਘਿਰੇ ਹੋਏ ਵੈਰੀਆਂ ਦੇ ਆਹੂ ਲਾਹੁੰਦੇ ਰਹੇ। ਕਈ ਘੰਟੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ।
ਬੀਬੀ ਹਰਸ਼ਰਨ ਕੌਰ ਰਾਤ ਦੇ ਹਨੇਰੇ ਵਿਚ ਪੋਲੇ ਪੈਰੀਂ ਯੁੱਧ ਦੇ ਮੈਦਾਨ ਵਿਚ ਪਹੁੰਚੀ। ਮੁਗ਼ਲ ਫ਼ੌਜ ਯੁੱਧ ਤੋਂ ਥੱਕ ਹਾਰ ਕੇ ਤੰਬੂਆਂ ਵਿਚ ਸੌਂ ਰਹੀ ਸੀ। ਬੀਬੀ ਨੇ ਪਛਾਣ ਕੇ ਸਾਹਿਬਜ਼ਾਦਿਆਂ ਅਤੇ ਸ਼ਹੀਦ ਸਿੰਘਾਂ ਦੇ ਸਰੀਰ ਇਕੱਠੇ ਕੀਤੇ। ਆਸ-ਪਾਸ ਤੋਂ ਜਿੰਨੀਆਂ ਵੀ ਲੱਕੜਾਂ ਇਕੱਠੀਆਂ ਕਰ ਸਕੀ ਕਰਕੇ ਇੱਕ ਥਾਂ ਢੇਰ ਲਾ ਲਿਆ। ਲੱਕੜਾਂ ਦੇ ਢੇਰ ‘ਤੇ ਸ਼ਹੀਦਾਂ ਦੇ ਸਰੀਰ ਚਿਣ ਕੇ ਅੱਗ ਲਾ ਦਿੱਤੀ। ਅੱਗ ਦੇ ਮੱਚਦੇ ਭਾਂਬੜ ਦੇਖ ਕੇ ਮੁਗ਼ਲ ਫ਼ੌਜੀ ਹੈਰਾਨੀ ਵਿਚ ਉਠ ਖੜ੍ਹੇ ਹੋਏ। ਅੱਗ ਦੀਆਂ ਲਾਟਾਂ ਦੇ ਚਾਨਣ ਵਿਚ ਉਨ੍ਹਾਂ ਨੇ ਦੇਖਿਆ ਕਿ ਬਲ ਰਹੀ ਅੱਗ ਦੇ ਨੇੜੇ ਇੱਕ ਇਸਤਰੀ ਹੱਥ ਵਿਚ ਬਰਛਾ ਲਈ ਖੜੀ ਸੀ ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਏ। ਉਨ੍ਹਾਂ ਨੇ ਬੀਬੀ ਨੂੰ ਚੁੱਕ ਕੇ ਬਲਦੀ ਅੱਗ ਵਿਚ ਸੁੱਟ ਦਿੱਤਾ। ਇਸ ਤਰ੍ਹਾਂ ਬੀਬੀ ਹਰਸ਼ਰਨ ਕੌਰ ਨੇ ਸ਼ਹੀਦੀ ਪ੍ਰਾਪਤ ਕਰ ਲਈ ।
ਸ਼ਹੀਦੀ ਉਪਰੰਤ ਭਾਈ ਟੋਡਰ ਮੱਲ ਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸਸਕਾਰ ਲਈ ਵਜ਼ੀਰ ਖਾਨ ਤੋਂ ਆਗਿਆ ਮੰਗੀ ਪਰ ਵਜ਼ੀਰ ਖਾਨ ਨੇ ਸ਼ਰਤ ਰੱਖੀ ਕਿ ਜਿੰਨੀ ਤੈਨੂੰ ਜਗ੍ਹਾ ਸਸਕਾਰ ਵਾਸਤੇ ਚਾਹੀਦੀ ਹੈ, ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਜਮੀਨ ਮੁੱਲ ਖਰੀਦ ਲੈ, ਤਾਂ ਭਾਈ ਟੋਡਰ ਮੱਲ ਨੇ ਖੜ੍ਹੀਆਂ ਮੋਹਰਾਂ ਦੇ ਕੇ ਵਜ਼ੀਰ ਖਾਂ ਤੋਂ ਸਸਕਾਰ ਵਾਸਤੇ ਜ਼ਮੀਨ ਖਰੀਦੀ ਅਤੇ ਮਹਾਨ ਸੇਵਾ ਕੀਤੀ I ਜਿਸ ਸਥਾਨ ਤੇ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ, ਉਥੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਸਥਿਤ ਹੈ।
ਭਾਈ ਧਰਮ ਸਿੰਘ ਕਾਸ਼ਤੀਵਾਲ ਨੇ ਬੜੀ ਸੂਝ-ਬੂਝ ਅਤੇ ਬਹਾਦਰੀ ਨਾਲ ਲੰਬਾ ਸਮਾਂ ਸਿੱਖ ਸੰਘਰਸ਼ ਵਿੱਚ ਯੋਗਦਾਨ ਪਾਇਆ ਅਤੇ ਆਪਣੇ ਗੁਰੀਲਾ ਐਕਸ਼ਨਾ ਨਾਲ ਹਿੰਦੋਸਤਾਵੀ ਫੋਰਸਾਂ ਦੇ ਨੱਕ ਵਿੱਚ ਦੱਮ ਕਰੀ ਰੱਖਿਆ । 28 ਦਸੰਬਰ 1992 ਨੂੰ ਉਨ੍ਹਾਂ ਨੇ ਪੁਲਿਸ ਘੇਰੇ ਵਿਚ ਆ ਜਾਣ ਕਰ ਕੇ ਸਾਇਆਨਾਈਡ ਖਾ ਕੇ ਸ਼ਹੀਦੀ ਪ੍ਰਾਪਤ ਕੀਤੀ । ਉਨ੍ਹਾਂ ਦੇ ਇਸ ਸੰਘਰਸ਼ ਵਿੱਚ ਉਨ੍ਹਾਂ ਦੀ ਪਤਨੀ ਬੀਬੀ ਸੰਦੀਪ ਕੌਰ ਨੇ ਵੀ ਬਰਾਬਰ ਹਿੱਸਾ ਲਿਆ ਅਤੇ ਜੇਲ ਕੱਟੀ । ਹੁਣ ਬੀਬੀ ਸੰਦੀਪ ਕੌਰ ਜੀ ਸ਼ਹੀਦ ਸਿੰਘਾਂ ਦੇ ਬੱਚਿਆ ਦੀ ਸੇਵਾ-ਸੰਭਾਲ ਲਈ ਸੰਸਥਾ ਚਲਾਉਦੇ ਹਨ । ਭਾਈ ਧਰਮ ਸਿੰਘ ਕਾਸ਼ਤੀਵਾਲ ਦੇ ਛੋਟੇ ਭਰਾ ਭਾਈ ਸਾਹਿਬ ਸਿੰਘ ਨੇ ਵੀ ਆਪਣੀ ਜਿੰਦਗੀ ਕੌਮ ਦੇ ਲੇਖੇ ਲਾਉਦਿਆ ਪੁਲਿਸ ਦਾ ਸਿਰ ਵਿੱਚ ਕਿੱਲ ਠੋਲਣ ਜਿਹਾ ਜੁਲਮ ਸਹਿ ਕੇ ਸ਼ਹੀਦੀ ਪ੍ਰਾਪਤ ਕੀਤੀ ।
26 ਜਨਵਰੀ 1986 ਨੂੰ ਅਕਾਲ ਤਖਤ ਸਾਹਿਬ ’ਤੇ ਹੋਏ ਸਰਬੱਤ ਖਾਲਸਾ ਨੇ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ, ਪ੍ਰੰਤੂ ਉਨ੍ਹਾਂ ਦੀ ਤਿਹਾੜ ਜੇਲ੍ਹ ਵਿਚ ਨਜ਼ਰਬੰਦੀ ਕਾਰਨ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ।
ਬਰਨਾਲਾ ਸਰਕਾਰ ਸਮੇਂ 30 ਅਪ੍ਰੈਲ 1986 ਨੂੰ ਹੋਏ ‘ਅਪ੍ਰੇਸ਼ਨ ਬਲੈਕ ਥੰਡਰ’ ਦੌਰਾਨ ਭਾਈ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਲਗਭਗ 2 ਸਾਲ ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿਚ ਰੱਖਿਆ ਗਿਆ।
1989 ਦੇ ਆਰ.ਐਸ.ਐਸ. ਦੀ ਸ਼ਾਖਾ ’ਤੇ ਹੋਏ ਗੋਲੀ ਕਾਂਡ ਤੋਂ ਬਾਅਦ ਲੁਧਿਆਣਾ ਦੇ ਐਸ.ਐਸ.ਪੀ. ਸੁਮੇਧ ਸੈਣੀ ਨੇ ਭਾਈ ਸਾਹਿਬ ’ਤੇ ਅੰਨ੍ਹਾ ਤਸ਼ੱਦਦ ਕੀਤਾ ਤੇ ਕਈ ਘੰਟੇ ਪੁੱਠੇ ਲਟਕਾਈ ਰੱਖਿਆ।
1989 ਵਿਚ ਹੀ ਬਿਦਰ ਕਾਂਡ ਵਿਚ ਫਿਰ ਆਪ ਨੂੰ ਚੁੱਕ ਲਿਆ ਗਿਆ ਤੇ ਇਕ ਸਾਲ ਜੇਲ੍ਹ ’ਚ ਰੱਖਿਆ ਗਿਆ।
19 ਮਈ 1991 ਵਿਚ ਭਾਈ ਸਾਹਿਬ ਫਿਰ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਅਤੇ ਡੇਢ ਸਾਲ ਦੇ ਲਗਭਗ ਫਿਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਰਹਿਣਾ ਪਿਆ।
20 ਦਸੰਬਰ 1992 ਨੂੰ ਤੜਕੇ 4 ਵਜੇ ਜਗਰਾਓਂ ਪੁਲਿਸ ਨੇ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ, ਜਦੋਂ ਬਾਲੜੇ ਦੋਹਤੇ ਦੀ ਲਾਸ਼ ਘਰ ਵਿਚ ਪਈ ਸੀ। ਉਸ ਦਿਨ ਤਾਂ ਭਾਵੇਂ ਆਪ ਨੂੰ ਜਲਦੀ ਹੀ ਛੱਡ ਦਿੱਤਾ ਗਿਆ, ਪ੍ਰੰਤੂ ਪੁਲਿਸ ਜਥੇਦਾਰ ਕਾਉਂਕੇ ਦੀ ਹੋਣੀ ਦਾ ਫੈਸਲਾ ਕਰ ਚੁੱਕੀ ਸੀ, ਇਸੇ ਕਰਕੇ 25 ਦਸੰਬਰ ਨੂੰ ਸੈਂਕੜੇ ਪਿੰਡ ਵਾਸੀਆਂ ਦੇ ਇਕੱਠ ਸਾਹਮਣੇ ਜਗਰਾਉਂ ਪੁਲਿਸ ਨੇ ਆਪ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਆਪਣੇ ਪਿੰਡ ਵਾਸੀਆਂ ਨੂੰ ਅਲ਼ਵਿਦਾ ਆਖਦੇ ਹੋਏ ਇਹ ਸ਼ਬਦ ਕਹੇ ਸਨ “ਇਸ ਵਾਰ ਪੁਲਸ ਆਪਣਾ ਕਾਰਾ ਕਰਕੇ ਰਹੂਗੀ।”
4 ਜਨਵਰੀ 1993 ਦੀ ਸਵੇਰ ਅਖਬਾਰਾਂ ਦੀਆਂ ਮੋਟੀਆਂ ਸੁਰਖੀਆਂ ਵਿਚ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਪੁਲਸ ਹਿਰਾਸਤ ਵਿਚੋਂ ਫਰਾਰੀ ਦੀ ਖਬਰ ਸੀ। ਪੰਜਾਬ ਦੇ ਲੋਕ ਸਮਝ ਗਏ ਕਿ ਭਾਣਾ ਵਾਪਰ ਚੁੱਕਾ ਹੈ ਕਿਉਕਿ ਇਹ ਪੁਲਿਸ ਦਾ ਆਮ ਹੀ ਵਰਤਾਰਾ ਸੀ ਕਿ ਸਿੰਘਾਂ ਨੂੰ ਮਾਰ ਕੇ ਬਾਅਦ ਵਿੱਚ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋਣ ਦੀ ਝੂਠੀ ਖਬਰ ਦੇ ਦਿੱਤੀ ਜਾਂਦੀ ਸੀ ।
ਅਸਲੀਅਤ ਵਿਚ ਪੁਲਸ ਵਲੋਂ ਭਾਈ ਸਾਹਿਬ ਨੂੰ 25 ਦਸੰਬਰ ਤੋਂ ਲਗਾਤਾਰ ਤਸੀਹੇ ਦਿੱਤੇ ਗਏ, ਉਨ੍ਹਾਂ ’ਤੇ ਅੰਨ੍ਹਾ ਤਸ਼ੱਦਦ ਕੀਤਾ ਗਿਆ I ਅਤੇ 1 ਜਨਵਰੀ ਨੂੰ ਸ਼ਹੀਦ ਕਰ ਦਿੱਤਾ ਗਿਆ ।
ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਭਾਈ ਕਾਉਂਕੇ ਦੀ ਫਰਾਰੀ ਸਬੰਧੀ ਝੂਠੀ ਕਹਾਣੀ ਤੋਂ ਬਾਅਦ ਭਾਈ ਕਾਉਂਕੇ ਦੀ ਸ਼ਹਾਦਤ ਸਬੰਧੀ ਤੇ ਪੁਲਿਸ ਤਸ਼ੱਦਦ ਵਿਰੁੱਧ ਨਾਅਰਾ ਬੁਲੰਦ ਕਰਨ ਵਾਲਿਆਂ ਵਿਚ ਅੱਗੇ ਸਨ। ਬਾਦਲ ਨੇ ਕਾਉਂਕੇ ਪਿੰਡ ਜਾਣ ਲਈ ਰੋਸ ਧਰਨ ਵੀ ਦਿੱਤਾ ਸੀ ਅਤੇ ਜੇਲ੍ਹ ਯਾਤਰਾ ਵੀ ਕੀਤੀ ਸੀ। ਪ੍ਰੰਤੂ ਹੁਣ ਸ਼ਾਇਦ ਹਾਲਾਤ ਬਦਲ ਗਏ ਹਨ, ਤਿਵਾੜੀ ਕਮਿਸ਼ਨ ਵੱਲੋਂ ਭਾਈ ਕਾਉਂਕੇ ਦੇ ਝੂਠੇ ਪੁਲਿਸ ਮੁਕਾਬਲੇ ਦੀ ਜਾਂਚ ਰਿਪੋਰਟ ਸਰਕਾਰ ਨੂੰ ਦਿੱਤਿਆ 12 ਸਾਲ ਹੋ ਗਏ ਹਨ ਪਰ ਪੰਥਕ ਸਰਕਾਰ ਵੱਲੋਂ ਇਹ ਜਾਂਚ ਰਿਪੋਰਟ ਜਨਤਕ ਨਹੀ ਕੀਤੀ ਗਈ ।