ਦਸੰਬਰ 1704 ਦਾ ਮਹੀਨਾ ਸੀ, ਕੜਾਕੇ ਦੀ ਠੰਢ ਪੈ ਰਹੀ ਸੀ। ਦੁਸ਼ਮਣ ਦੀ ਫੌਜ ਨੂੰ ਅਨੰਦਪੁਰ ਸਾਹਿਬ ਦਾ ਘੇਰਾ ਪਾਈ ਅੱਠ ਮਹੀਨੇ ਤੋਂ ਵੱਧ ਹੋ ਗਏ ਸਨ। ਖਾਲਸਾ ਫੌਜਾਂ ਬੜੇ ਧੀਰਜ ਨਾਲ ਦੁਸ਼ਮਣ ਦਾ ਮੁਕਾਬਲਾ ਕਰ ਰਹੀਆਂ ਸਨ। ਕਿਲੇ ਵਿਚੋਂ ਰਸਦ ਪਾਣੀ ਮੁੱਕਦਾ ਜਾ ਰਿਹਾ ਸੀ। ਇਹੋ ਜਿਹਾ ਸਮਾਂ ਆ ਗਿਆ ਕਿ ਚਾਰ ਸਿੱਖ ਕਿਲ੍ਹੇ ਵਿਚੋਂ ਨਿਕਲਦੇ ਤੇ ਕਿਸੇ ਇਕ ਪਾਸੇ ਦੁਸ਼ਮਣ ‘ਤੇ ਹਮਲਾ ਕਰਕੇ ਦੋ ਸਿੱਖ ਸ਼ਹੀਦ ਹੋ ਜਾਂਦੇ ਤੇ ਦੋ ਜਿੰਨਾ ਹੋ ਸਕੇ ਰਸਦ-ਪਾਣੀ ਲੁੱਟ ਕੇ ਕਿਲ੍ਹੇ ਅੰਦਰ ਲੈ ਆਉਂਦੇ। ਸਮਕਾਲੀ ਕਵੀ ਸੈਨਾਪਤੀ ਨੇ ‘ਗੁਰੂ ਸ਼ੋਭਾ’ ਵਿਚ ਲਿਖਿਆ ਹੈ-
‘ਚਾਰਿ ਸਿੱਖ ਪਾਨੀ ਕਉ ਜਾਵੈ।
ਦੋ ਜੂਝੈ ਦੋ ਪਾਨੀ ਲਿਆਵੈ।’
ਆਖ਼ਰ 20 ਦਸੰਬਰ 1704 ਈ. ਨੂੰ ਰਾਤ ਦੇ ਪਹਿਲੇ ਪਹਿਰ ਸੰਗਤਾਂ ਦੇ ਜ਼ੋਰ ਪਾਉਣ ’ਤੇ ਸ਼ਸਤਰ ਅਤੇ ਗੋਲੀ ਬਾਰੂਦ ਅਤੇ ਸਾਹਿਤ ਨੂੰ ਸੰਭਾਲ ਕੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਨੂੰ ਛੱਡ ਦਿੱਤਾ। ਦੁਸ਼ਮਣ ਫੌਜ਼ਾਂ ਵੱਲੋਂ ਸਭ ਕਸਮਾਂ ਵਾਅਦੇ ਭੁਲਾ ਕੇ ਪਿਛੋਂ ਹਮਲਾ ਕਰ ਦਿੱਤਾ। ਸਾਹਿਬਜ਼ਾਦਾ ਅਜੀਤ ਸਿੰਘ ਅਤੇ ਉਦੈ ਸਿੰਘ ਆਦਿ ਯੋਧੇ ਆਉਂਦੀ ਫੌਜ ਨੂੰ ਰੋਕਣ ਲਈ ਡੱਟ ਗਏ ਤਾ ਕਿ ਗੁਰੂ ਸਾਹਿਬ ਅਤੇ ਪਰਿਵਾਰ ਸੰਗਤ ਸਮੇਤ ਸਰਸਾ ਪਾਰ ਕਰ ਜਾਣ ।