ਸਿੱਖ ਰਾਜ ਦਾ ਆਖਰੀ ਵਾਰਿਸ ਮਹਾਰਾਜਾ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਣੀ ਜਿੰਦ ਕੌਰ ਦਾ ਪੁੱਤਰ ਸੀ । ਦਲੀਪ ਸਿੰਘ ਨੂੰ ਅੰਗਰੇਜ਼ ਆਪਣੇ ਨਾਲ ਇੰਗਲੈਂਡ ਲੈ ਗਏ ਸਨ। ਉੱਥੇ ਉਸ ਨੂੰ ਈਸਾਈ ਬਣਾ ਕੇ ਐਸ਼ੋ-ਆਰਾਮ ਦੀ ਜ਼ਿੰਦਗੀ ਵੱਲ ਧੱਕ ਦਿੱਤਾ ਗਿਆ। ਉਸ ਨੂੰ ਉੱਚ ਸਿੱਖਿਆ ਲਈ ਕਿਸੇ ਯੂਨੀਵਰਸਿਟੀ ਆਦਿ ਵਿੱਚ ਦਾਖਲ ਨਾ ਕਰਵਾਇਆ ਗਿਆ। ਮਹਾਰਾਜੇ ਨੇ 25 ਮਈ 1886 ਨੂੰ ‘ਖੰਡੇ ਦੀ ਪਾਹੁਲ’ ਲੈ ਲਈ ਸੀ I ਪਰ ਅੰਗਰੇਜਾ ਨੇ ਮਹਾਰਾਜੇ ਨੂੰ ਕਦੇ ਵੀ ਪੰਜਾਬ ਨਾ ਪਰਤਣ ਦਿੱਤਾ । ਉਨਾ ਨੂੰ ਡਰ ਸੀ ਕਿ ਮਹਾਰਾਜਾ ਪੰਜਾਬ ਜਾ ਕੇ ਸਿੱਖ ਸਰਦਾਰਾ ਨੂੰ ਇਕੱਠਿਆ ਕਰਕੇ ਆਪਣੇ ਪਿਤਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵਾਪਸ ਲੈਣ ਲਈ ਬਗਾਵਤ ਕਰ ਸਕਦਾ ਹੈ । ਅੰਤ ਆਪਣੀ ਜਨਮ-ਭੂਮੀ ਪਿਆਰੇ ਪੰਜਾਬ ਦੀ ਪਵਿੱਤਰ ਧੂੜ ਨੂੰ ਆਪਣੇ ਮਸਤਕ ’ਤੇ ਲਾਉਣ ਦੀ ਆਸ ਨੂੰ ਦਿਲ ਵਿੱਚ ਹੀ ਰੱਖ ਕੇ ਗਰੀਬੀ ਦੀ ਹਾਲਤ ਵਿੱਚ 22 ਅਕਤੂਬਰ, 1893 ਨੂੰ ਪੈਰਿਸ ਦੇ ਗ੍ਰੈਂਡ ਹੋਟਲ ਵਿੱਚ ਅਕਾਲ ਚਲਾਣਾ ਕਰ ਗਿਆ।