Nanakshahi Calendar

Nov
23
Mon
ਜੋਤੀ-ਜੋਤਿ ਬਾਬਾ ਸੁੰਦਰ ਜੀ
Nov 23 all-day

ਬਾਬਾ ਸੁੰਦਰ ਜੀ ਤੀਜੇ ਗੁਰੂ ਜੀ ਦੇ ਪੜਪੋਤੇ ਸਨ {ਗੁਰੂ ਅਮਰਦਾਸ ਜੀ ਦੇ ਪੁੱਤਰ ਬਾਬਾ ਮੋਹਰੀ ਜੀ, ਬਾਬਾ ਮੋਹਰੀ ਜੀ ਦੇ ਪੁੱਤਰ ਬਾਬਾ ਅਨੰਦ ਤੇ ਬਾਬਾ ਅਨੰਦ ਜੀ ਦੇ ਪੁੱਤਰ ਬਾਬਾ ਸੁੰਦਰ ਜੀ}। ਧੰਨੁ ਸ਼੍ਰੀ ਗੁਰੂ ਅਮਰਦਾਸ ਜੀ ਨੇ ਜੋਤੀ ਜੋਤਿ ਸਮਾਉਣ ਸਮੇਂ ਦਾਹ-ਸੰਸਕਾਰ ਸੰਬੰਧੀ ਕੁਝ ਪਿਆਰੇ ਬੋਲ ਬਖ਼ਸ਼ਸ਼ ਕੀਤੇ ਸਨ। ਇਨ੍ਹਾਂ ਬੋਲਾਂ ਨੂੰ ਬਾਬਾ ਸੁੰਦਰ ਜੀ ਨੇ ਰਾਮਕਲੀ ਰਾਗ ਵਿੱਚ ‘ਸਦ’ ਸਿਰਲੇਖ ਹੇਠ ਦਰਜ ਕੀਤਾ ਹੈ।
ਬਾਬਾ ਸੁੰਦਰ ਜੀ ਦੀ ਬਾਣੀ ‘ਸਦੁ’ ਰਾਮ ਰਾਮਕਲੀ ਵਿੱਚ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਅੰਗ 923 ਉੱਤੇ ਸੋਭਨੀਕ ਹੈ। ‘ਸਦੁ’ ਦਾ ਸ਼ਬਦਿਕ ਮਤਲੱਬ ਬੁਲਾਵਾ ਹੈ। ਆਪ ਜੀ ਦੀ ਰਚਨਾ ‘ਸਦੁ’ ਦੀ 6 ਪਉੜੀਆ ਹਨ। ਇਸ ਰਚਨਾ ਦਾ ਮੁੱਖ ਆਧਾਰ ਰਜਾ ਮੰਨਣਾ ਹੈ, ਜਗਤ ਚਲਾਇਮਾਨ ਹੈ ਅਤੇ ਇਸ ਸੱਚ ਨੂੰ ਸਵੀਕਾਰ ਕਰਦੇ ਹੋਏ ਮਰਣ ਉੱਤੇ ਰੋਣਾ–ਧੋਣਾ ਨਹੀਂ ਕਰਣ ਦਾ ਉਪਦੇਸ਼ ਹੈ।

ਭਾਈ ਕਾਨ੍ਹ ਸਿੰਘ ਨਾਭਾ ਦਾ ਅਕਾਲ ਚਲਾਣਾ
Nov 23 all-day

ਸਾਹਿਤ ਅਤੇ ਧਾਰਮਿਕ ਖੇਤਰ ‘ਚ ਆਪਣੇ ਵਿਲੱਖਣ ਯੋਗਦਾਨ ਸਦਕਾ ਭਾਈ ਕਾਨ੍ਹ ਸਿੰਘ ਨਾਭਾ ਦਾ ਨਾਂਅ ਪੰਜਾਬੀ ਜਗਤ ਵਿਚ ਸ਼ਿਰੋਮਣੀ ਵਿਦਵਾਨਾਂ ਦੀ ਸੂਚੀ ਵਿਚ ਪਹਿਲੇ ਨੰਬਰ ਤੇ ਗਿਣਿਆ ਜਾਂਦਾ ਹੈ। ‘ਹਮ ਹਿੰਦੂ ਨਹੀਂ’, ਗੁਰੁਮਤ ਪ੍ਰਭਾਕਰ, ਗੁਰੁਮਤ ਸੁਧਾਕਰ, ਸੱਦ ਕਾ ਪਰਮਾਰਥ, ਅਤੇ ਗੁਰੁ ਗਿਰਾ ਕਸੌਟੀ ਵਰਗੀਆਂ ਅਨਮੋਲ ਪੁਸਤਕਾਂ ਦੀ ਰਚਨਾ ਕੀਤੀ।
ਉਨ੍ਹਾਂ ਦੀ ਸਿੱਖ ਪੰਥ ਅਤੇ ਪੰਜਾਬੀ ਸਾਹਿਤ ਨੂੰ ਅਣਮੁੱਲੀ ਦਾਤ ‘ਗੁਰੂਸ਼ਬਦ ਰਤਨਾਕਰ ਮਹਾਨ ਕੋਸ਼ ਦੀ ਰਚਨਾ ਸੀ, ਮਹਾਨ ਕੋਸ਼ ਭਾਈ ਕਾਨ੍ਹ ਸਿੰਘ ਨਾਭਾ ਦਾ ਲਿਖਿਆ ਪੰਜਾਬੀ ਐਨਸਾਈਕਲੋਪੀਡੀਆ ਜਾਂ ਸ਼ਬਦ ਕੋਸ਼ ਗ੍ਰੰਥ ਹੈ। ਤਕਰੀਬਨ 14 ਸਾਲ ਦੀ ਖੋਜ ਤੋਂ ਬਾਅਦ ਭਾਈ ਕਾਨ੍ਹ ਸਿੰਘ ਨੇ 1926 ਵਿੱਚ ਇਸਨੂੰ ਪੂਰਾ ਕੀਤਾ ਅਤੇ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਦੀ ਮਾਇਕ ਪੱਖੋਂ ਮਦਦ ਨਾਲ 1930 ਵਿੱਚ ਸੁਦਰਸ਼ਨ ਪ੍ਰੈਸ, ਅੰਮ੍ਰਿਤਸਰ ਨੇ 3335 ਪੰਨਿਆਂ ਦੇ ਇਸ ਕੋਸ਼ ਨੂੰ ਚਾਰ ਜਿਲਦਾਂ ਵਿਚ ਛਾਪਿਆ ।[ ਇਸ ਵਿੱਚ ਸਿੱਖ ਸਾਹਿਤ, ਇਤਿਹਾਸ, ਪੰਜਾਬੀ ਬੋਲੀ ਅਤੇ ਸੱਭਿਆਚਾਰ ਨਾਲ਼ ਸਬੰਧਤ ਲਫ਼ਜ਼ਾਂ ਦੇ ਮਾਅਨੇ ਇੱਕ ਸਿਲਸਿਲੇਵਾਰ ਢੰਗ ਨਾਲ਼ ਦਿੱਤੇ ਗਏ ਹਨ ਜਿਸ ਕਰਕੇ ਇਹ ਸਿਰਫ਼ ਸਿੱਖ ਧਰਮ ਦਾ ਹੀ ਨਹੀਂ ਸਗੋਂ ਪੰਜਾਬੀ ਜ਼ਬਾਨ ਦਾ ਵੀ ਗਿਆਨ ਕੋਸ਼ ਹੈ।
ਧੰਨ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ, ਭਾਈ ਗੁਰਦਾਸ ਜੀ ਦੀਆ ਵਾਰਾਂ, ਭਾਈ ਨੰਦ ਲਾਲ ਜੀ ਦੀਆ ਗਜਲਾਂ ਅਤੇ ਹੋਰ ਸਿੱਖ ਸਾਹਿਤ ਵਿੱਚ ਵਰਤੇ ਗਏ ਲਗਭਗ ਸਾਰੇ ਸ਼ਬਦਾਂ ਦੇ ਅਰਥ ਇਸ ਮਹਾਨ ਕੋਸ਼ ਵਿੱਚੋਂ ਮਿਲ ਜਾਂਦੇ ਹਨ ।
23 ਨਵੰਬਰ 1938 ਵਿਚ 77 ਸਾਲ ਦੀ ਉਮਰ ਵਿਚ ਦਿਲ ਦੀ ਧੜਕਣ ਬੰਦ ਹੋਣ ਨਾਲ ਨਾਭੇ ਵਿਖੇ ਭਾਈ ਸਾਹਿਬ ਦਾ ਦੇਹਾਂਤ ਹੋਇਆ।

Nov
26
Thu
ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਮਾਣਾ ਸ਼ਹਿਰ ਫਤਹਿ ਕੀਤਾ
Nov 26 all-day

ਬਾਬਾ ਬੰਦਾ ਸਿੰਘ ਜੀ ਬਹਾਦਰ ਲਈ ਸਮਾਣਾ ਸ਼ਹਿਰ ਬਹੁਤ ਮਹੱਤਵਪੂਰਨ ਸੀ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਜਲਾਦ ਸੱਯਦ ਜਲਾਲੂਦੀਨ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਨੂੰ ਸ਼ਹੀਦ ਕਰਨ ਵਾਲੇ ਜਲਾਦ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਸਮਾਣਾ ਸ਼ਹਿਰ ਦੇ ਰਹਿਣ ਵਾਲੇ ਸਨ। ਇਸ ਤੋਂ ਇਲਾਵਾ ਸਮਾਣਾ ਮੁਗਲ ਸਲਤਨਤ ਦਾ ਇਕ ਅਮੀਰ ਸ਼ਹਿਰ ਸੀ। ਉਸ ਸਮੇਂ ਸ਼ਹਿਰ ਵਿਚੋਂ 22 ਪਾਲਕੀਆਂ ਨਿਕਲਦੀਆਂ ਸਨ ਭਾਵ ਕਿ ਇਥੋਂ ਦੇ ਸੱਯਦਾਂ ਅਤੇ ਮੁਗਲਾਂ ਦੇ 22 ਅਮੀਰ ਘਰਾਣਿਆਂ ਨੂੰ ਬਾਦਸ਼ਾਹ ਵੱਲੋਂ ਪਾਲਕੀਆਂ ਵਿਚ ਚੱਲਣ ਦੀ ਇਜ਼ਾਜਤ ਸੀ।

ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਪ੍ਰਾਪਤ ਕਰਕੇ ਪੰਜਾਬ ਵੱਲ ਆ ਰਹੇ ਬਾਬਾ ਬੰਦਾ ਸਿੰਘ ਜੀ ਨੇ ਪਹਿਲਾ ਕੈਂਥਲ ਫਤਹਿ ਕੀਤਾ ਅਤੇ ਫਿਰ ਇਥੋਂ 55 ਕਿਲੋਮੀਟਰ ਦੂਰ ਸਮਾਣੇ ਸ਼ਹਿਰ ਵੱਲ ਕੂਚ ਕੀਤਾ । ਉਨ੍ਹਾਂ ਨੇ 26 ਨਵੰਬਰ 1709 ਈਸਵੀ ਨੂੰ ਸੁਵਖਤੇ ਸਮਾਣਾ ‘ਤੇ ਹਮਲਾ ਕੀਤਾ। ਕੁਝ ਹੀ ਘੰਟਿਆਂ ਵਿਚ ਬਾਦਸ਼ਾਹ ਸਲਤਨਤ ਦਾ ਇਕ ਅਮੀਰ ਸ਼ਹਿਰ ਮਿੱਟੀ ਵਿਚ ਮਿਲਾ ਦਿੱਤਾ ਗਿਆ। ਬੰਦਾ ਸਿੰਘ ਬਹਾਦਰ ਦਾ ਹਮਲਾ ਇੰਨਾ ਤੇਜ਼ ਸੀ ਕਿ ਮੁਗਲਾਂ ਅਤੇ ਸੱਯਦਾਂ ਦੀ ਬਾਬਾ ਜੀ ਦਾ ਮੁਕਾਬਲਾ ਕਰਨ ਦੀ ਹਿੰਮਤ ਨਾ ਪਈ ਅਤੇ ਉਹ ਖਾਲਸਾ ਫੌਜ ਅੱਗੇ ਬੇਵੱਸ ਹੋ ਗਏ। ਇਤਿਹਾਸ ਦੇ ਅੰਦਾਜ਼ੇ ਮੁਤਾਬਿਕ ਇਕ ਦਿਨ ਵਿਚ 10 ਹਜ਼ਾਰ ਜਾਨਾਂ ਗਈਆਂ। ਭਾਈ ਫ਼ਤਹਿ ਸਿੰਘ ਨੂੰ ਇਥੋਂ ਦਾ ਫ਼ੌਜਦਾਰ ਬਣਾਇਆ ਗਿਆ।’

Nov
30
Mon
ਸ਼ਹੀਦੀ ਭਾਈ ਜਗਜੀਤ ਸਿੰਘ ਜੀ ਉਧੋਕੇ
Nov 30 all-day

30 ਨਵੰਬਰ 1992 ਨੂੰ ਭਾਈ ਜਗਜੀਤ ਸਿੰਘ ਉਧੋਕੇ ਅਤੇ ਸਾਥੀ ਸਿੰਘਾਂ ਨੂੰ ਪਿੰਡ ਸਿਕੰਦਰ ਜ਼ਿਲਾ ਫਤਿਹਗੜ ਸਾਹਿਬ ਵਿਖੇ ਮੁਖਬਰ ਦੀ ਸੂਹ ਤੇ ਪੁਲਿਸ ਨੇ ਘੇਰਾ ਪਾ ਲਿਆ । ਜਦੋ ਸਿੰਘਾਂ ਨੇ ਆਪਣੇ ਹੱਥ ਵਿਖਾਏ ਤਾਂ ਫੋਰਸਾਂ ਨੇ ਬੁਲਟ ਪਰੂਫ ਟਰੈਕਟਰ ਮੰਗਵਾ ਲਏ । ਟਰੈਕਟਰ ਦੀ ਛਤ ਤੇ ਭਾਰੀ ਮਸ਼ੀਨ ਗੰਨਾ ਲਗੀਆਂ ਹੋਈਆਂ ਸੀ | ਜਦ ਭਾਈ ਜਗਜੀਤ ਸਿੰਘ ਨੇ ਵੇਖਿਆ ਤਾਂ ਆਪ ਬੁਲਟ ਪਰੂਫ ਟਰੈਕਟਰ ਦੇ ਨੇੜੇ ਚਲੇ ਗਏ ਅਤੇ ਓਸਦੀ ਛਤ ਤੇ ਛਾਲ ਮਾਰ ਦਿਤੀ ਅਤੇ ਖੁਦ ਟਰੈਕਟਰ ਦੀ ਸਟੇਰਿੰਗ ਸੰਭਾਲ ਲਈ ਅਤੇ ਦੁਸ਼ਮਣ ਦਾ ਭਾਰੀ ਨੁਕਸਾਨ ਕੀਤਾ ।
ਪੁਲਿਸ ਨੇ ਮੀਡੀਆ ਨੂੰ ਦੱਸਿਆ ਕਿ ਇਹ 7 ਘੰਟੇ ਦਾ ਮੁਕਾਬਲਾ ਸੀ ਪਰ ਪਿੰਡ ਦੇ ਲੋਕਾਂ ਮੁਤਾਬਕ ਇਹ ਮੁਕਾਬਲਾ 24 ਘੰਟੇ ਤਕ ਚਲਿਆ ਸੀ,ਜਿਸ ਵਿਚ ਭਾਈ ਜਗਜੀਤ ਸਿੰਘ ਜੱਗੀ ਉਧੋਕੇ ਸ਼ਹੀਦ ਹੋ ਗਏ ਸਨ |

Dec
2
Wed
ਬਾਬਾ ਗੁਰਬਖਸ਼ ਸਿੰਘ ਜੀ ਅਤੇ 30 ਸਿੰਘਾ ਦੀ ਸ਼ਹੀਦੀ
Dec 2 all-day

ਅਬਦਾਲੀ ਨੇ ਹਿੰਦੋਸਤਾਨ ਉੁਪਰ ਸੱਤਵੇ ਹਮਲੇ ਸਮੇਂ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ ਤੇ ਹਮਲਾ ਕਰ ਦਿੱਤਾ । ਉਸ ਸਮੇਂ ਉਥੇ ਕੇਵਲ 30 ਸਿੰਘ ਹੀ ਮੌਜੂਦ ਸਨ ।
ਭਾਈ ਰਤਨ ਸਿੰਘ (ਭੰਗੂ) ਲਿਖਦੇ ਹਨ –
ਕਰ ਕੰਗਨੋ, ਸਿਰ ਸੇਹਰੋ ਮੋਢੇ ਧਰ ਤਲਵਾਰ।
ਤਖਤੋਂ ਉਤਰ ਨਿਹੰਗ ਸਿੰਘ ਪੂਜਣ ਚਲਯੋ ਦਰਬਾਰ॥43॥
ਹਰਿਮੰਦਰ ਕੇ ਹਜੂਰ ਇਮ ਖੜ ਕਰ ਕਰੀ ਅਰਦਾਸ।
ਸਤਿਗੁਰ ਸਿੱਖੀ ਸੰਗ ਨਿਭੈ ਸੀਸ ਕੇਸਨ ਕੇ ਸਾਥ॥48॥
30 ਸਿੰਘਾ ਨੇ ਅਬਦਾਲੀ ਦੀਆ 36000 ਫੌਜ਼ਾ ਨੂੰ ਭਾਜੜਾ ਪਾ ਦਿੱਤੀਆ ਅਤੇ ਆਖਰੀ ਸਾਹ ਤੱਕ ਜੂਝਦੇ ਰਹੇ ।

Dec
19
Sat
ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ
Dec 19 all-day

ਦਸੰਬਰ 1704 ਦਾ ਮਹੀਨਾ ਸੀ, ਕੜਾਕੇ ਦੀ ਠੰਢ ਪੈ ਰਹੀ ਸੀ। ਦੁਸ਼ਮਣ ਦੀ ਫੌਜ ਨੂੰ ਅਨੰਦਪੁਰ ਸਾਹਿਬ ਦਾ ਘੇਰਾ ਪਾਈ ਅੱਠ ਮਹੀਨੇ ਤੋਂ ਵੱਧ ਹੋ ਗਏ ਸਨ। ਖਾਲਸਾ ਫੌਜਾਂ ਬੜੇ ਧੀਰਜ ਨਾਲ ਦੁਸ਼ਮਣ ਦਾ ਮੁਕਾਬਲਾ ਕਰ ਰਹੀਆਂ ਸਨ। ਕਿਲੇ ਵਿਚੋਂ ਰਸਦ ਪਾਣੀ ਮੁੱਕਦਾ ਜਾ ਰਿਹਾ ਸੀ। ਇਹੋ ਜਿਹਾ ਸਮਾਂ ਆ ਗਿਆ ਕਿ ਚਾਰ ਸਿੱਖ ਕਿਲ੍ਹੇ ਵਿਚੋਂ ਨਿਕਲਦੇ ਤੇ ਕਿਸੇ ਇਕ ਪਾਸੇ ਦੁਸ਼ਮਣ ‘ਤੇ ਹਮਲਾ ਕਰਕੇ ਦੋ ਸਿੱਖ ਸ਼ਹੀਦ ਹੋ ਜਾਂਦੇ ਤੇ ਦੋ ਜਿੰਨਾ ਹੋ ਸਕੇ ਰਸਦ-ਪਾਣੀ ਲੁੱਟ ਕੇ ਕਿਲ੍ਹੇ ਅੰਦਰ ਲੈ ਆਉਂਦੇ। ਸਮਕਾਲੀ ਕਵੀ ਸੈਨਾਪਤੀ ਨੇ ‘ਗੁਰੂ ਸ਼ੋਭਾ’ ਵਿਚ ਲਿਖਿਆ ਹੈ-
‘ਚਾਰਿ ਸਿੱਖ ਪਾਨੀ ਕਉ ਜਾਵੈ।
ਦੋ ਜੂਝੈ ਦੋ ਪਾਨੀ ਲਿਆਵੈ।’
ਆਖ਼ਰ 20 ਦਸੰਬਰ 1704 ਈ. ਨੂੰ ਰਾਤ ਦੇ ਪਹਿਲੇ ਪਹਿਰ ਸੰਗਤਾਂ ਦੇ ਜ਼ੋਰ ਪਾਉਣ ’ਤੇ ਸ਼ਸਤਰ ਅਤੇ ਗੋਲੀ ਬਾਰੂਦ ਅਤੇ ਸਾਹਿਤ ਨੂੰ ਸੰਭਾਲ ਕੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਨੂੰ ਛੱਡ ਦਿੱਤਾ। ਦੁਸ਼ਮਣ ਫੌਜ਼ਾਂ ਵੱਲੋਂ ਸਭ ਕਸਮਾਂ ਵਾਅਦੇ ਭੁਲਾ ਕੇ ਪਿਛੋਂ ਹਮਲਾ ਕਰ ਦਿੱਤਾ। ਸਾਹਿਬਜ਼ਾਦਾ ਅਜੀਤ ਸਿੰਘ ਅਤੇ ਉਦੈ ਸਿੰਘ ਆਦਿ ਯੋਧੇ ਆਉਂਦੀ ਫੌਜ ਨੂੰ ਰੋਕਣ ਲਈ ਡੱਟ ਗਏ ਤਾ ਕਿ ਗੁਰੂ ਸਾਹਿਬ ਅਤੇ ਪਰਿਵਾਰ ਸੰਗਤ ਸਮੇਤ ਸਰਸਾ ਪਾਰ ਕਰ ਜਾਣ ।

Dec
20
Sun
ਪਰਿਵਾਰ ਵਿਛੋੜਾ
Dec 20 all-day

ਅਨੰਦਪੁਰ ਦਾ ਕਿਲ੍ਹਾ ਛੱਡਣ ਤੋਂ ਬਾਅਦ ਗੁਰੂ ਸਾਹਿਬ ਦਾ ਕਾਫਲਾ ਅਜੇ ਕੁਝ ਦੂਰ ਹੀ ਗਿਆ ਸੀ ਕਿ ਦੁਸ਼ਮਣ ਦੀ ਫੌਜ ਨੇ ਸਾਰੇ ਵਾਅਦੇ ਤੋੜ ਕੇ ਅੰਮ੍ਰਿਤ ਵੇਲੇ ਹਮਲਾ ਕਰ ਦਿੱਤਾ। ਦਸਮੇਸ਼ ਪਿਤਾ ਜੀ ਨੇ ਜਥਿਆਂ ਨੂੰ ਵੈਰੀ ਦਾ ਡਟ ਕੇ ਟਾਕਰਾ ਕਰਨ ਦਾ ਹੁਕਮ ਦਿੱਤਾ। ਜਦ ਤਕ ਵਹੀਰ ਸਰਸਾ ਪਾਰ ਨਹੀਂ ਕਰ ਜਾਂਦੀ ਤਦ ਤਕ ਵੈਰੀਆਂ ਦਾ ਟਾਕਰਾ ਕਰਦੇ ਰਹਿਣਾ। ਸਿਰਸਾ ਨਦੀ ਦੇ ਕੰਢੇ ਰਾਤ ਵੇਲੇ ਯੁੱਧ ਹੋਇਆ। ਮੀਂਹ ਪੈਣਾ ਸ਼ੁਰੂ ਹੋ ਗਿਆ। ਸਰਸਾ ਨਦੀ ਪੂਰੇ ਵੇਗ ਵਿਚ ਸੀ ਅਤੇ ਕਾਲੀ ਬੋਲੀ ਦਸੰਬਰ ਦੀ ਰਾਤ ਵੇਲੇ ਸਰਸਾ ਪਾਰ ਕਰਨ ਦੀ ਕੋਸ਼ਿਸ਼ ਵਿਚ ਕਈ ਸਿੰਘ ਪਾਣੀ ਦੇ ਤੇਜ ਬਹਾਵ ਵਿਚ ਰੁੜ੍ਹ ਗਏ। ਵਡਮੁੱਲਾ ਸਿੱਖ ਸਾਹਿਤ ਵੀ ਸਰਸਾ ਨਦੀ ਵਿੱਚ ਰੁੜ ਗਿਆ । ਪਰਿਵਾਰ ਵਿਚ ਵਿਛੋੜਾ ਪੈ ਗਿਆ।
ਗੁਰੂ ਜੀ ਅਤੇ ਦੋ ਵੱਡੇ ਸਾਹਿਬਜ਼ਾਦੇ ਕੋਈ 40 ਸਿੰਘਾਂ ਨਾਲ ਸਰਸਾ ਪਾਰ ਕਰ ਗਏ ਅਤੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ (ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ) ਗੁਰੂ ਜੀ ਤੋਂ ਵਿਛੜ ਗਏ ਅਤੇ ਅੱਗੇ ਜਾ ਕੇ ਗੰਗੂ ਨੂੰ ਮਿਲ ਪਏ ਅਤੇ ਉਸਦੇ ਨਾਲ ਉਸਦੇ ਘਰ ਚਲੇ ਗਏ । ਗੁਰੂ ਜੀ ਦੇ ਮਹਿਲ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਵੱਲ ਨੂੰ ਹੋ ਤੁਰੇ।

Dec
21
Mon
ਚਮਕੌਰ ਦੀ ਜੰਗ
Dec 21 all-day

ਦਸਮੇਸ਼ ਪਿਤਾ ਵੱਡੇ ਸਾਹਿਬਜ਼ਾਦਿਆਂ ਅਤੇ ਗਿਣਤੀ ਦੇ ਸਿੰਘਾਂ ਸਮੇਤ ਚਮਕੌਰ ਦੀ ਗੜੀ ਵਿਖੇ ਪੁੱਜੇ। ਸ਼ਾਹੀ ਫੌਜਾਂ ਵੀ ਮਗਰ-ਮਗਰ ਚਮਕੌਰ ਸਾਹਿਬ ਪੁੱਜ ਗਈਆਂ ਤੇ ਗੜ੍ਹੀ ਨੂੰ ਘੇਰ ਲਿਆ। ਸੰਸਾਰ ਦੀ ਪਹਿਲੀ ਅਸਾਵੀਂ ਤੇ ਬੇਜੋੜ ਜੰਗ ਦੀ ਤਿਆਰੀ ਹੋਣ ਲੱਗੀ। ਕੱਚੀ ਗੜ੍ਹੀ ਵਿੱਚ ਸੂਰਮਤਾਈ ਨਾਲ ਚਾਲੀ ਭੁੱਖਣ-ਭਾਣੇ ਸਿੰਘਾਂ ਨੇ 10 ਲੱਖ ਦੀ ਸੈਨਾ ਦਾ ਟਾਕਰਾ ਕੀਤਾ। ਜੰਗ ਆਰੰਭ ਹੋਈ, 5-5 ਸਿੰਘ ਜਥੇ ਦੇ ਰੂਪ ਵਿੱਚ ਗੜ੍ਹੀ ਤੋਂ ਬਾਹਰ ਨਿਕਲ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਰਹੇ ਸਨ I
ਰਾਤ ਪੈਣ ‘ਤੇ ਲੜਾਈ ਬੰਦ ਹੋ ਗਈ। ਉਸ ਸਮੇਂ ਗੜ੍ਹੀ ਵਿਚ ਗੁਰੂ ਸਾਹਿਬ ਸਮੇਤ ਕੇਵਲ 11 ਸਿੰਘ ਬਾਕੀ ਰਹਿ ਗਏ ਸਨ ਇਨ੍ਹਾਂ ਸਿੰਘਾਂ ਨੇ ਆਪਣੇ ਵਿਚੋਂ ਹੀ ਭਾਈ ਦਇਆ ਸਿੰਘ ਦੀ ਅਗਵਾਈ ਵਿਚ ਪੰਜ ਪਿਆਰੇ ਚੁਣ ਲਏ ਅਤੇ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਇਨ੍ਹਾਂ ਪੰਜ ਪਿਆਰਿਆਂ ਨੇ ਗੁਰੂ ਸਾਹਿਬ ਨੂੰ ਉਸੇ ਵੇਲੇ ਗੜ੍ਹੀ ਵਿਚੋਂ ਬਚ ਕੇ ਨਿਕਲ ਜਾਣ ਲਈ ਹੁਕਮਨੁਮਾ ਬੇਨਤੀ ਕੀਤੀ। ਗੁਰੂ ਸਾਹਿਬ ਨੇ ਇਸ ਬੇਨਤੀ ਨੂੰ ਖਾਲਸੇ ਦਾ ਹੁਕਮ ਮੰਨ ਕੇ ਪ੍ਰਵਾਨ ਕਰ ਲਿਆ ਅਤੇ ਆਪਣੇ ਅਸਤਰ, ਸ਼ਸਤਰ ਤੇ ਵਸਤਰ ਉਤਾਰ ਕੇ ਬਾਬਾ ਸੰਗਤ ਸਿੰਘ ਨੂੰ ਪਹਿਨਾ ਦਿੱਤੇ ਅਤੇ ਆਪਣੀ ਹੀਰਿਆਂ ਜੜੀ ਕਲਗੀ ਉਤਾਰ ਕੇ ਉਸ ਦੇ ਸਿਰ ‘ਤੇ ਸਜਾ ਦਿੱਤੀ ਇਹ ਫੈਸਲਾ ਲਿਆ ਗਿਆ ਕਿ ਤਿੰਨ ਸਿੰਘ-ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ-ਗੁਰੂ ਸਾਹਿਬ ਦਾ ਸਾਥ ਦੇਣਗੇ ਅਤੇ ਬਾਕੀ ਸਿੰਘ ਬਾਬਾ ਸੰਗਤ ਸਿੰਘ ਸੰਗ ਗੜ੍ਹੀ ਵਿਚ ਹੀ ਟਿਕੇ ਰਹਿਣਗੇ। ਗੁਰੂ ਸਾਹਿਬ ਅਤੇ ਤਿੰਨੋਂ ਸਿੰਘ ਇਕ-ਇਕ ਕਰਕੇ ਗੜ੍ਹੀ ਤੋਂ ਬਾਹਰ ਨਿਕਲ ਗਏ ਅਤੇ ਵੱਖਰੇ-ਵੱਖਰੇ ਰਾਹ ਪੈ ਗਏ।

Dec
22
Tue
ਭਾਈ ਸੰਗਤ ਸਿੰਘ ਅਤੇ ਬਾਕੀ ਸਿੰਘਾਂ ਦੀ ਸ਼ਹੀਦੀ ।
Dec 22 all-day

ਉਧਰ ਦੂਜੇ ਪਾਸੇ ਚਮਕੌਰ ਦੀ ਗੜੀ ਅਗਲੀ ਸਵੇਰ ਦਿਨ ਚੜਦੇ ਨੂੰ ਮੁਗ਼ਲਾਂ ਨੇ ਗੜ੍ਹੀ ਵੱਲ ਨਜ਼ਰ ਮਾਰੀ, ਉਨ੍ਹਾਂ ਨੂੰ ਮਮਟੀ ’ਤੇ ਬੈਠੇ ਭਾਈ ਸੰਗਤ ਸਿੰਘ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਿਖਾਈ ਦੇ ਰਹੇ ਸਨ । ਤੇ ਮੁਗ਼ਲ ਬੜੇ ਹੀ ਖੁਸ਼ ਹੋਏ ਕਿ ਗੜ੍ਹੀ ਵਿਚ ਪੰਜ-ਸੱਤ ਸਿੰਘ ਹਨ, ਇਕ ਹੱਲੇ ਨਾਲ ਹੀ ਗੜ੍ਹੀ ਸਰ ਕਰ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਊਂਦਿਆਂ ਹੀ ਫੜ ਲਿਆ ਜਾਵੇਗਾ। ਇਹ ਸੋਚ ਕੇ ਮੁਗ਼ਲਾਂ ਨੇ ਗੜ੍ਹੀ ’ਤੇ ਹਮਲਾ ਕਰ ਦਿੱਤਾ। ਮੁੱਠੀ-ਭਰ ਸਿੰਘਾਂ ਨੇ ਡੱਟ ਕੇ ਮੁਕਾਬਲਾ ਕੀਤਾ, ਜਿੰਨਾ ਚਿਰ ਉਨ੍ਹਾਂ ਪਾਸ ਗੋਲੀ-ਸਿੱਕੇ ਦਾ ਭੰਡਾਰ ਰਿਹਾ ਦੁਸ਼ਮਣ ਨੂੰ ਲਾਗੇ ਨਹੀਂ ਢੁਕਣ ਦਿੱਤਾ। ਜਦੋਂ ਤੀਰ ਤੇ ਗੋਲੀ-ਸਿੱਕਾ ਮੁੱਕ ਗਿਆ ਤਾਂ ਲੜਾਈ ਹੱਥੋ-ਹੱਥੀ ਹੋ ਗਈ। ਇਕ-ਇਕ ਕਰ ਕੇ ਸਾਰੇ ਸਿੰਘ ਜਾਮ-ਏ-ਸ਼ਹਾਦਤ ਪੀ ਗਏ। ਬਾਬਾ ਸੰਗਤ ਸਿੰਘ ਜੀ ਚਾਰੇ ਪਾਸੇ ਤੋਂ ਦੁਸ਼ਮਣਾ ਵਿਚ ਘਿਰੇ ਹੋਏ ਵੈਰੀਆਂ ਦੇ ਆਹੂ ਲਾਹੁੰਦੇ ਰਹੇ। ਕਈ ਘੰਟੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ।

Dec
23
Wed
ਬੀਬੀ ਹਰਸ਼ਰਨ ਕੌਰ ਦੀ ਸ਼ਹੀਦੀ
Dec 23 all-day

ਬੀਬੀ ਹਰਸ਼ਰਨ ਕੌਰ ਰਾਤ ਦੇ ਹਨੇਰੇ ਵਿਚ ਪੋਲੇ ਪੈਰੀਂ ਯੁੱਧ ਦੇ ਮੈਦਾਨ ਵਿਚ ਪਹੁੰਚੀ। ਮੁਗ਼ਲ ਫ਼ੌਜ ਯੁੱਧ ਤੋਂ ਥੱਕ ਹਾਰ ਕੇ ਤੰਬੂਆਂ ਵਿਚ ਸੌਂ ਰਹੀ ਸੀ। ਬੀਬੀ ਨੇ ਪਛਾਣ ਕੇ ਸਾਹਿਬਜ਼ਾਦਿਆਂ ਅਤੇ ਸ਼ਹੀਦ ਸਿੰਘਾਂ ਦੇ ਸਰੀਰ ਇਕੱਠੇ ਕੀਤੇ। ਆਸ-ਪਾਸ ਤੋਂ ਜਿੰਨੀਆਂ ਵੀ ਲੱਕੜਾਂ ਇਕੱਠੀਆਂ ਕਰ ਸਕੀ ਕਰਕੇ ਇੱਕ ਥਾਂ ਢੇਰ ਲਾ ਲਿਆ। ਲੱਕੜਾਂ ਦੇ ਢੇਰ ‘ਤੇ ਸ਼ਹੀਦਾਂ ਦੇ ਸਰੀਰ ਚਿਣ ਕੇ ਅੱਗ ਲਾ ਦਿੱਤੀ। ਅੱਗ ਦੇ ਮੱਚਦੇ ਭਾਂਬੜ ਦੇਖ ਕੇ ਮੁਗ਼ਲ ਫ਼ੌਜੀ ਹੈਰਾਨੀ ਵਿਚ ਉਠ ਖੜ੍ਹੇ ਹੋਏ। ਅੱਗ ਦੀਆਂ ਲਾਟਾਂ ਦੇ ਚਾਨਣ ਵਿਚ ਉਨ੍ਹਾਂ ਨੇ ਦੇਖਿਆ ਕਿ ਬਲ ਰਹੀ ਅੱਗ ਦੇ ਨੇੜੇ ਇੱਕ ਇਸਤਰੀ ਹੱਥ ਵਿਚ ਬਰਛਾ ਲਈ ਖੜੀ ਸੀ ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਏ। ਉਨ੍ਹਾਂ ਨੇ ਬੀਬੀ ਨੂੰ ਚੁੱਕ ਕੇ ਬਲਦੀ ਅੱਗ ਵਿਚ ਸੁੱਟ ਦਿੱਤਾ। ਇਸ ਤਰ੍ਹਾਂ ਬੀਬੀ ਹਰਸ਼ਰਨ ਕੌਰ ਨੇ ਸ਼ਹੀਦੀ ਪ੍ਰਾਪਤ ਕਰ ਲਈ ।