ਅੰਮ੍ਰਿਤਸਰ ਤੋਂ 13 ਕੁ ਮੀਲ ਦੀ ਦੂਰੀ ‘ਤੇ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਗੁਰਦੁਆਰਾ ਗੁਰੂ ਕਾ ਬਾਗ ਦਾ ਕਬਜਾ ਮਹੰਤ ਸੁੰਦਰ ਦਾਸ ਕੋਲ ਸੀ । 1920 ਵਿੱਚ ਹੋਂਦ ਵਿੱਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਤਾਂ ਆਪਣੇ ਹੱਥਾ ਵਿੱਚ ਲੈ ਲਿਆ ਪਰ ਮਹੰਤ ਨੇ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀ 524 ਕਨਾਲ 12 ਮਰਲੇ (ਲਗਭੱਗ 65 ਏਕੜ) ਜਮੀਨ ਦੇਣ ਤੋਂ ਨਾਹ ਕਰ ਦਿੱਤੀ । ਸ਼੍ਰੋਮਣੀ ਕਮੇਟੀ ਵੱਲੋ ਲੰਗਰ ਲਈ ਇਸ ਜਮੀਨ ਵਿੱਚੋ ਲੱਕੜਾ ਕੱਟਣ ਲਈ 5 ਸਿੰਘ ਭੇਜੇ ਗਏ । ਬ੍ਰਿਟਿਸ਼ ਸੈਨਿਕਾਂ ਨੇ ਪੰਜਾ ਸਿੰਘਾ ਨੂੰ ਗ੍ਰਿਫਤਾਰ ਕਰਕੇ ਅਗਲੇ ਹੀ ਦਿਨ 6 ਮਹੀਨੇ ਦੀ ਕੈਦ ਦੀ ਸਜਾ ਦਿੱਤੀ ।
ਜਦੋਂ ਅਪੀਲ-ਦਲੀਲ ਨਾਲ ਕੋਈ ਗੱਲ ਨਾ ਬਣੀ ਤਾਂ ਸਿੱਖ ਕੌਮ ਨੇ ਇਸ ਗੁਰਦੁਆਰਾ ਸਾਹਿਬ ਨੂੰ ਮਹੰਤ ਦੇ ਕਬਜੇ ਵਿੱਚੋਂ ਅਜਾਦ ਕਰਵਾਉਣ ਲਈ ਸ਼ਾਤਮਈ ਮੋਰਚਾ ਸ਼ੁਰੂ ਕੀਤਾ । ਰੋਜ਼ਾਨਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੂਰਨ ਸ਼ਾਂਤਮਈ ਰਹਿਣ ਦਾ ਅਰਦਾਸਾ ਸੋਧ ਕੇ 100-100 ਸਿੰਘਾਂ ਦਾ ਜਥਾ ਗੁਰੂ ਕੇ ਬਾਗ ਲਈ ਰਵਾਨਾ ਹੁੰਦਾ, ਜਿਸ ਦਾ ਪੁਲਸ ਦੀਆਂ ਲਾਠੀਆਂ ਨਾਲ ਸਵਾਗਤ ਕੀਤਾ ਜਾਂਦਾ। ਬ੍ਰਿਟਿਸ਼ ਸਿਪਾਹੀ ਸਿੱਖ ਜਥੇ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾ ਬੇਹੋਸ਼ ਹੋ ਕੇ ਧਰਤੀ ਤੇ ਡਿੱਗਣ ਤੱਕ ਕੁੱਟਦੇ ਰਹਿੰਦੇ । ਸਿੰਘ ਵਾਹਿਗੁਰੂ ਦਾ ਜਾਪ ਕਰਦੇ ਹੋਏ ਪੁਲਸ ਦੀਆਂ ਡਾਂਗਾਂ ਤਨ ‘ਤੇ ਹੰਢਾਉਂਦੇ। ਪੁਲਸ ਨੇ ਡਾਂਗਾਂ ਨਾਲ ਹੀ ਬਸ ਨਾ ਕੀਤੀ ਬਲਕਿ ਫੱਟੜ ਹੋ ਕੇ ਡਿੱਗੇ ਸਿੰਘਾਂ ਉਤੇ ਘੋੜੇ ਵੀ ਦੌੜਾਏ ਜਾਣ ਲੱਗੇ। ਦੇਸ਼ ਵਿਚ ਹੀ ਨਹੀਂ ਬਲਕਿ ਸਾਰੇ ਸੰਸਾਰ ਵਿਚ ਸਿੱਖਾਂ ਦੇ ਸਬਰ, ਸਿਦਕ ਅਤੇ ਸ਼ਾਂਤਮਈ ਰਹਿਣ ਅਤੇ ਅੰਗਰੇਜ਼ੀ ਸਰਕਾਰ ਦੇ ਜਬਰ ਤੇ ਵਹਿਸ਼ੀਆਨਾ ਤਸ਼ੱਦਦ ਦੇ ਚਰਚੇ ਛਿੜ ਪਏ। ਅੰਗਰੇਜ਼ ਪਾਦਰੀ ਸੀ.ਐਫ. ਐਂਡਰੀਊਜ਼, ਜਿਸ ਨੇ ਉਥੇ ਜਾ ਕੇ ਇਹ ਸਾਰਾ ਕੁਝ ਅੱਖੀ ਵੇਖਿਆ ਅਤੇ ਕਿਹਾ ਤਵਾਰੀਖ ਵਿਚ ਇਕ ਹੀ ਮਸੀਹਾ ਸੂਲੀ ਚੜ੍ਹਦਾ ਸੁਣਿਆ ਸੀ, ਅੱਖਾਂ ਸਾਹਮਣੇ ਸੈਂਕੜੇ ਮਸੀਹੇ ਤਸੀਹੇ ਝੱਲਦੇ ਅੱਜ ਵੇਖੇ ਹਨ । 17 ਨਵੰਬਰ 1922 ਤੱਕ ਇਹ ਮੋਰਚਾ ਚੱਲਿਆ। ਇਸ ਮੋਰਚੇ ਦੌਰਾਨ 839 ਸਿੰਘ ਜ਼ਖ਼ਮੀ ਅਤੇ 5605 ਸਿੰਘ ਗ੍ਰਿਫ਼ਤਾਰ ਹੋਏ, ਜਿਨ੍ਹਾਂ ਵਿਚ 35 ਸ਼੍ਰੋਮਣੀ ਕਮੇਟੀ ਮੈਂਬਰ ਅਤੇ 200 ਫੌਜੀ ਪੈਨਸ਼ਨੀਏ ਸਨ। ਸਿੱਖ ਜਥੇਬੰਦੀਆਂ ਦੀ ਡਿਫੈਂਸ ਲਈ ਪੰਡਿਤ ਮਦਨ ਮੋਹਨ ਮਾਲਵੀਆ ਨੇ ਖੁਦ ਮੁਕੱਦਮਾ ਲੜਿਆ।
ਇਸ ਮੋਰਚੇ ਦੀ ਵਿਸ਼ੇਸ਼ਤਾ ਇਹ ਸੀ ਕਿ ਅਸਹਿ ਲਾਠੀਚਾਰਜ ਸਹਿੰਦੇ ਹੋਏ ਵੀ ਸਿੰਘਾ ਨੇ ਪੂਰਨ ਸ਼ਾਂਤੀ ਬਣਾਈ ਰੱਖੀ । ਪੂਰੇ ਮੋਰਚੇ ਵਿੱਚ ਇਕ ਵਾਰ ਵੀ ਹੱਥ ਨਹੀ ਚੁੱਕਿਆ ।
ਪੰਡਤ ਮੇਲਾ ਰਾਮ ਵਫ਼ਾ ਨੇ ਗੁਰੂ ਕੇ ਬਾਗ ਦੇ ਸ਼ਹੀਦਾਂ
ਨੂੰ ਸ਼ਰਧਾਂਜ਼ਲੀ ਦਿੰਦੇ ਹੋਏ ਕਿਹਾ ਸੀ-
ਤਿਰੀ ਕੁਰਬਾਨੀਉਂ ਕੀ ਧੂਮ ਹੈ ਆਜ ਇਸ ਜ਼ਮਾਨੇ ਮੇਂ,
ਬਹਾਦਰ ਹੈ ਅਗਰ ਕੋਈ ਤੋ ਵੋਹ ਇਕ ਤੂ ਅਕਾਲੀ ਹੈ।
ਜ਼ਾਲਮੋਂ ਕੀ ਲਾਠੀਆਂ ਤੂ ਨੇ ਸਹੀ
ਸੀਨਾ-ਏ-ਸਪਰ ਹੋ ਕਰ,
ਲੁਤਫ਼ ਇਸ ਪੈ ਕਿ ਲਬ ਪਹਿ
ਸ਼ਿਕਾਇਤ ਹੈ ਨਾ ਗਾਲੀ ਹੈ।
20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਦੇ ਪਿਤਾ ਬਾਬਾ ਜੋਗਿੰਦਰ ਸਿੰਘ ਦਾ ਜਨਮ 20ਵੀਂ ਸਦੀ ਦੇ ਪਹਿਲੇ ਦਹਾਕੇ ਦੌਰਾਨ 1909 ਈ: ਵਿਚ ਮਾਲਵੇ ਦੀ ਧਰਤੀ ‘ਤੇ ਪਿੰਡ ਰੋਡੇ ਵਿਚ ਪਿਤਾ ਬਾਬਾ ਹਰਨਾਮ ਸਿੰਘ ਦੇ ਘਰ ਮਾਤਾ ਨੰਦ ਕੌਰ ਦੀ ਕੁੱਖ ਤੋਂ ਹੋਇਆ।
ਬਾਬਾ ਜੀ ਨੇ ਪੰਜਾਬੀ ਸੂਬੇ ਦੇ ਮੋਰਚੇ ਵਿਚ ਕਈ ਇਲਾਕਾ ਨਿਵਾਸੀਆਂ ਸਮੇਤ ਗ੍ਰਿਫ਼ਤਾਰੀ ਦਿੱਤੀ। ਬਾਬਾ ਜੀ ਦੀ ਅਗਵਾਈ ਵਿਚ 1989 ਦੀਆਂ ਪਾਰਲੀਮੈਂਟ ਚੋਣਾਂ ਵਿਚ ਪੰਥਕ ਉਮੀਦਵਾਰਾਂ ਨੇ ਵੱਡੀ ਜਿੱਤ ਪ੍ਰਾਪਤ ਕੀਤੀ।
ਬਾਬਾ ਜੋਗਿੰਦਰ ਸਿੰਘ 17 ਨਵੰਬਰ 1993 ਈ: ਦੇਰ ਰਾਤ ਨੂੰ 85 ਸਾਲ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ ।
ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਨੇ ਸ: ਕਰਤਾਰ ਸਿੰਘ ਵਰਗੇ ਅਣਖੀ ਯੋਧੇ ਨੂੰ ਧੁਰ ਹਿਰਦੇ ਤੋਂ ਝੰਜੋੜ ਦਿੱਤਾ। ਬਾਗੀ ਸਰਗਰਮੀਆਂ ਕਰਕੇ ਹੀ ਹਕੂਮਤ ਨੇ ਫਾਂਸੀ ਦਾ ਹੁਕਮ ਸੁਣਾਇਆ, ਜੋ ਬਾਅਦ ਵਿਚ ਕਾਲੇ ਪਾਣੀ ਦੀ ਸਜ਼ਾ ਵਿਚ ਬਦਲ ਦਿੱਤਾ ਗਿਆ ਪਰ ਮਾਰਚ, 1920 ਈ: ਵਿਚ ਇਸ ਝੂਠੇ ਕੇਸ ਵਿੱਚੋਂ ਸ: ਕਰਤਾਰ ਸਿੰਘ ਅੰਡੇਮਾਨ ਦੀ ਜੇਲ੍ਹ ਵਿੱਚੋ ਰਿਹਾਅ ਹੋ ਗਏ ।
ਰਿਹਾਈ ਉਪਰੰਤ ਜਥੇਦਾਰ ਝੱਬਰ ਜੀ ਨੇ ਗੁਰਦੁਆਰਾ ਸੁਧਾਰ ਲਹਿਰ ਵਿਚ ਸਿੱਖਾਂ ਦੇ ਅਨੇਕਾਂ ਮੋਰਚਿਆਂ ਵਿਚ ਮੋਹਰੀ ਰੋਲ ਅਦਾ ਕੀਤਾ। ਚਾਹੇ ਉਹ ਗੁਰੂ ਕੇ ਬਾਗ ਦਾ ਮੋਰਚਾ ਹੋਵੇ, ਜੈਤੋ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਤਰਨ ਤਾਰਨ ਗੁਰਦਆਰੇ ਦਾ ਮੋਰਚਾ ਸੀ।
12 ਅਕਤੂਬਰ, 1920 ਈ: ਵਿਚ ਸ: ਕਰਤਾਰ ਸਿੰਘ ਝੱਬਰ ਨੇ ਸ: ਤੇਜਾ ਸਿੰਘ ਭੁੱਚਰ ਨਾਲ ਮਿਲ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅੰਗਰੇਜ਼ ਹਕੂਮਤ ਦੀ ਸਰਪ੍ਰਸਤੀ ਵਾਲੇ ਮਹੰਤਾਂ ਤੋਂ ਅਜਾਦ ਕਰਵਾਇਆ ।
ਨਨਕਾਣਾ ਸਾਹਿਬ ਜੀ ਨੂੰ ਨਰਾਇਣੂ ਮਹੰਤ ਤੋਂ ਅਜਾਦ ਕਰਵਾਉਣ ਲਈ ਸਿੰਘਾਂ ਦੇ ਗਏ 2 ਜਥਿਆ ਵਿੱਚੋਂ ਇੱਕ ਦੀ ਅਗਵਾਈ ਭਾਈ ਲਛਮਣ ਸਿੰਘ ਜੀ ਧਾਰੋਵਾਲ ਅਤੇ ਦੂਜੇ ਦੀ ਅਗਵਾਈ ਸਰਦਾਰ ਕਰਤਾਰ ਸਿੰਘ ਝੱਬਰ ਕਰ ਰਹੇ ਸਨ । ਮਹੰਤ ਅਤੇ ਸਰਕਾਰ ਦੀ ਮਿਲੀਭੁਗਤ ਅਤੇ ਨੀਚ ਇਰਾਦਿਆ ਨੂੰ ਭਾਂਪਦਿਆ ਸ: ਝੱਬਰ ਦੇ ਜਥੇ ਨੂੰ ਤਾਂ ਆਗੂ ਸਿੰਘਾਂ ਵੱਲੋਂ ਰੋਕ ਦਿੱਤਾ ਗਿਆ ਪਰ ਭਾਈ ਲਛਮਣ ਸਿੰਘ ਦਾ ਜਥਾ ਨਨਕਾਣਾ ਸਾਹਿਬ ਪਹੁੰਚ ਗਿਆ ਅਤੇ ਮਹੰਤ ਵੱਲੋਂ ਚਲਾਈਆ ਗੋਲੀਆ ਨਾਲ 150 ਸਿੰਘਾਂ ਦੀ ਸ਼ਹੀਦੀ ਹੋਈ । ਅਗਲੇ ਦਿਨ 2200 ਸਿੰਘਾਂ ਦੇ ਜਥੇ ਨੇ ਸਰਦਾਰ ਕਰਤਾਰ ਸਿੰਘ ਝੱਬਰ ਦੀ ਅਗਵਾਈ ਹੇਠ ਸ਼੍ਰੀ ਨਨਕਾਣਾ ਸਾਹਿਬ ਦਾ ਕਬਜਾ ਆਪਣੇ ਹੱਥਾਂ ਵਿੱਚ ਲਿਆ ।
ਕੌਮ ਦੇ ਹਿਤਾਂ ਲਈ ਮਰ-ਮਿਟਣ ਵਾਲਾ ਇਹ ਮਹਾਨ ਆਗੂ ਦੇਸ਼ ਦੀ ਵੰਡ ਤੋਂ ਬਾਅਦ ਉਸ ਸਮੇਂ ਦੇ ਪੰਜਾਬ ਦੇ ਜ਼ਿਲ੍ਹਾ ਕਰਨਾਲ ਦੇ ਪਿੰਡ ਹਾਬੜੀ ਵਿਚ ਜਾ ਵਸਿਆ। ਇਥੇ ਹੀ ਇਹ ਅਣਖੀ ਯੋਧਾ 20 ਨਵੰਬਰ, 1962 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਿਆ।
1966 ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋਂ ਜਿਲਾ ਬਠਿੰਡਾ ਦੀ ਇਤਿਹਾਸਕ ਮਹੱਤਤਾ ਨੂੰ ਮੁੱਖ ਰੱਖਦਿਆ ਸਿੱਖ ਪੰਥ ਨੇ ਇਸ ਸਥਾਨ ਨੂੰ ਕੌਮ ਦੇ ਪੰਜਵੇਂ ਤਖ਼ਤ ਵਜੋਂ ਪ੍ਰਵਾਨ ਕੀਤਾ । ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇਹ ਪ੍ਰਸਿੱਧ ਅਸਥਾਨ, ਜਿਸ ਨੂੰ ਸਿਖਾਂ ਦੀ ਕਾਸ਼ੀ ਕਿਹਾ ਜਾਂਦਾ ਹੈ। ਚਮਕੌਰ ਦੀ ਜੰਗ ਅਤੇ ਖਿਦਰਾਣੇ ਦੀ ਢਾਬ ਸ਼੍ਰੀ ਮੁਕਤਸਰ ਸਾਹਿਬ ਦੀ ਜੰਗ ਤੋਂ ਬਾਅਦ ਭਾਈ ਡੱਲੇ ਦਾ ਪ੍ਰੇਮ ਦੇਖਕੇ ਕਲਗੀਧਰ ਨੇ ਇਥੇ ਕ਼ਰੀਬ ਸਾਢੇ ਨੌ ਮਹੀਨੇ ਨਿਵਾਸ ਕੀਤਾ।