ਬੀਬੀ ਅਮਨਦੀਪ ਕੌਰ ਭਾਈ ਹਰਪਿੰਦਰ ਸਿੰਘ ਉਰਫ ”ਗੋਲਡੀ” ਉਰਫ ”ਪੰਮਾ” ਦੀ ਭੈਣ ਸਨ | ਪੁਲਿਸ ਦੀਆ ਨਜਰਾਂ ਵਿੱਚ ਇਹੀ ਉਨ੍ਹਾਂ ਦਾ ਵੱਡਾ ਕਸੂਰ ਸੀ । ਰਾਮਪੁਰਾ ਫੁਲ ਦੇ ਐਸ ਐਚ ਓ ਨੇ ਬੀਬੀ ਅਮਨਦੀਪ ਕੌਰ, ਉਨ੍ਹਾਂ ਦੇ ਪਤੀ ਅਤੇ ਪਿਤਾ ਨੂੰ ਉਦੋਂ ਚੁੱਕ ਲਿਆ, ਜਦੋ ਉਹ ਵਿਆਹ ਦੀ ਰਜਿਸ਼ਟ੍ਰੇਸ਼ਨ ਵਾਸਤੇ ਰਾਮਪੁਰਾ ਫੂਲ ਅਦਾਲਤ ਆਏ ਹੋਏ ਸੀ ।
21 ਦਿਨ ਦੀ ਗੈਰਕਾਨੂੰਨੀ ਹਿਰਾਸਤ ਵਿੱਚ ਰੱਖ ਕੇ ਬੀਬੀ ਅਮਨਦੀਪ ਕੌਰ ਨੂੰ ਪੁਲਿਸ ਵਾਲੇ ਬੇਪੱਤ ਕਰਦੇ ਰਹੇ ਅਤੇ ਉਨ੍ਹਾਂ ਦੇ ਪਤੀ ਅਤੇ ਪਿਤਾ ਤੇ ਜੁਲਮ ਢਾਹੁੰਦੇ ਰਹੇ । ਪਿਤਾ ਉਪਰ 30 ਨਵੰਬਰ 1991 ਨੂੰ ਝੂਠਾ ਕੇਸ ਦਰਜ਼ ਕਰ ਦਿੱਤਾ ਗਿਆ ਅਤੇ ਪਤੀ ਨੂੰ ਪਹਿਲਾ ਹੀ ਰਿਹਾਅ ਕਰ ਦਿੱਤਾ ਗਿਆ ।
21 ਜਨਵਰੀ 1992 ਤੱਕ ਅਮਨਦੀਪ ਕੌਰ ਨੇ ਲੁੱਕ ਛਿਪ ਕੇ ਗੁਜਾਰਾ ਕੀਤਾ। ਪੁਲਿਸ ਵੱਲੋਂ ਉਸਨੂੰ ਘਰ ਆ ਕੇ ਰਹਿਣ ਲਈ ਕਿਹਾ ਤੇ ਲੁਟੀ ਪੁਟੀ ਜਾਇਦਾਦ ਵਾਪਿਸ ਕਰਨ ਦਾ ਯਕੀਨ ਦਵਾਇਆ ਗਿਆ। ਅਮਨਦੀਪ ਕੌਰ ਘਰ ਵਾਪਸ ਆ ਗਈ। ਉਸੇ ਸ਼ਾਮ 7:30 ਵਜ਼ੇ ਜਦੋਂ ਅਮਨਦੀਪ ਕੌਰ ਦੀ ਮਾਤਾ ਬਾਹਰ ਗਈ ਸੀ ਤਾਂ ਐਸ.ਐਸ.ਪੀ. ਦੇ ਦੋ ਗੰਨਮੈਨਾਂ ਜਿੰਨ੍ਹਾਂ ਮੂੰਹ ਢੱਕੇ ਸਨ ਉਸ ਨੂੰ 21 ਜਨਵਰੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਬਾਅਦ ਵਿੱਚ 25 ਜੂਨ 1992 ਨੂੰ ਹਰਪਿੰਦਰ ਸਿੰਘ ਗੋਲਡੀ ਵੀ ਝੂਠੇ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਗਿਆ
ਭਾਈ ਗੁਰਨਾਮ ਸਿੰਘ ਦਾ ਜਨਮ ਮਿਤੀ 20 ਸਤੰਬਰ 1961 ਨੂੰ ਸ.ਸਿੰਗਾਰਾ ਸਿੰਘ ਦੇ ਘਰ ਮਾਤਾ ਮਹਿੰਦਰ ਕੌਰ ਦੀ ਕੁੱਖੋਂ ਹੋਇਆ। ਆਪ ਕਬੱਡੀ ਦੇ ਖਿਡਾਰੀ ਸਨ । 1978 ਵਿੱਚ ਦਿੱਲੀ ਤਖ਼ਤ ਦੀ ਸ਼ਹਿ ਨਾਲ ਜਦ ਭੂਤਰੇ ਹੋਏ ਨਰਕਧਾਰੀ ਗੁੰਡਿਆਂ ਨੇ ਗੋਲ਼ੀਆਂ ਦਾ ਮੀਂਹ ਵਰਾਂ ਕੇ ਤੇਰਾਂ ਸਿੰਘ ਸ਼ਹੀਦ ਕਰ ਦਿੱਤੇ ਤਾਂ ਆਪ ਉਸ ਸਮੇਂ ੧੭ ਸਾਲ ਦੀ ਉਮਰ ਵਿੱਚ ਹੀ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵਿੱਚ ਸ਼ਾਮਲ ਹੋ ਕੇ ਪੰਥ ਦੀ ਸੇਵਾ ਵਿੱਚ ਜੁੱਟ ਗਏ ।
ਭਾਈ ਧਰਮ ਸਿੰਘ ਕਾਸ਼ਤੀਵਾਲ ਅਤੇ ਹੋਰ ਜਥੇਬੰਦੀਆ ਨਾਲ ਸੇਵਾ ਨਿਭਾਉਦਿਆ ਪੰਥ ਦੋਖੀਆ ਨੂੰ ਸਬਕ ਸਿਖਾਉਦੇ ਰਹੇ ।
10 ਦਸੰਬਰ 1988 ਨੂੰ ਭਾਈ ਗੁਰਨਾਮ ਸਿੰਘ ਪਹਿਲਵਾਨ ਨੂੰ ਬਟਾਲੇ ਦੇ ਸ੍ਰੀ ਹਰਿਗੋਬਿੰਦਪੁਰ ਰੋਡ ਵਿਖੇ ਇੱਕ ਬਹਿਕ ਤੋਂ ਗ੍ਰਿਫਤਾਰ ਕਰਕੇ ਬਟਾਲੇ ਦੇ ਬਦਨਾਮ ਇੰਟੈਰੋਗੇਸ਼ਨ ਸੈਂਟਰ ਬੀਕੋ ਵਿੱਚ ਲਿਜਾਇਆ ਗਿਆ ਅਤੇ ਅਥਾਹ ਤਸ਼ੱਦਦ ਕੀਤਾ ਗਿਆ,ਪਰ ਆਪ ਨੇ ਆਪਣੀ ਜਥੇਬੰਦੀ ਦਾ ਕੋਈ ਭੇਤ ਨਾ ਦਿੱਤਾ। 21ਜਨਵਰੀ 1989 ਦੀ ਰਾਤ ਨੂੰ ਭਾਈ ਗੁਰਨਾਮ ਸਿੰਘ ਨੂੰ ਹਵਾਲਾਤ ‘ਚੋਂ ਬਾਹਰ ਕੱਢ ਲਿਆ ਗਿਆ ਅਤੇ ਜਾਂਗਲੇ ਦੇ ਪੁਲ ਤੇ ਲਿਜਾ ਕੇ ਸ਼ਹੀਦ ਕਰ ਦਿੱਤਾ । ਭਾਈ ਸਾਹਿਬ ਦੇ ਨਾਲ ਭਾਈ ਸੁਖਦੇਵ ਸਿੰਘ ,ਸੁੱਖਾ ਪਿੰਡ ਮੰਗੀਆਂ ਦਾ ਵੀ ਝੂਠਾ ਮੁਕਾਬਲਾ ਬਣਾਇਆ ਗਿਆ ।
22 ਜਨਵਰੀ 2004 ਦੇ ਦਿਨ ਚੰਡੀਗੜ੍ਹ ਦੀ ਬੁੜੈਲ ਜੇਲ੍ਹ ‘ਚ ਸੁਰੰਗ ਬਣਾ ਕੇ 3 ਖਾੜਕੂ ਸਿੰਘ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ | ਇਹ ਸਿੰਘ ਬੇਅੰਤਾਂ ਕਤਲ ਕੇਸ ਵਿਚ ਗ੍ਰਿਫਤਾਰ ਕੀਤੇ ਹੋਏ ਸਨ – ਭਾਈ ਜਗਤਾਰ ਸਿੰਘ ਹਵਾਰਾ (ਵਾਸੀ ਹਵਾਰਾ ਕਲਾਂ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ), ਭਾਈ ਜਗਤਾਰ ਸਿੰਘ ਤਾਰਾ (ਵਾਸੀ ਪਿੰਡ ਦੇਗਵਾਲਾ ਰੋਪੜ) ਅਤੇ ਭਾਈ ਪਰਮਜੀਤ ਸਿੰਘ ਭਿਉਰਾ (ਵਾਸੀ ਪਿੰਡ ਭਿਉਰਾ, ਰੋਪੜ) | ਉਨ੍ਹਾਂ ਨਾਲ ਇਕ ਹੋਰ ਕੈਦੀ ਹਰਿਆਣਵੀ ਰਸੋਈਆ ਦੇਵੀ ਸਿੰਘ ਵੀ ਫ਼ਰਾਰ ਹੋ ਗਿਆ |
1922 ਬਾਬਾ ਖੜਕ ਸਿੰਘ ਡੇਰਾ ਗ਼ਾਜ਼ੀ ਖ਼ਾਨ ਜੇਲ ਵਿਚ ਬੰਦ ਸੀ I ਇਸ ਜੇਲ ਵਿਚ ਸਿੱਖਾਂ ਨੂੰ ਦਸਤਾਰ ਪਹਿਨਣ ਦੀ ਇਜਾਜ਼ਤ ਸੀ ਪਰ 22 ਜਨਵਰੀ, 1923 ਦੇ ਦਿਨ ਜੇਲ ਸੁਪਰਡੈਂਟ ਨੇ ਸਿੱਖਾਂ ਨੂੰ ਬੈਰਕਾਂ ਵਿਚ ਬੰਦ ਕਰ ਕੇ ਨੰਬਰਦਾਰ ਤੇ ਵਾਰਡਨ ਮੰਗਵਾ ਕੇ ਸਿੱਖ ਕੈਦੀਆਂ ਦੀਆਂ ਜ਼ਬਰਦਸਤੀ ਦਸਤਾਰਾਂ ਲੁਹਾ ਲਈਆਂ I
ਜਦ ਖੜਕ ਸਿੰਘ ਦੀ ਦਸਤਾਰ ਖੋਹੀ ਗਈ ਤਾਂ ਉਨ੍ਹਾਂ ਨੇ ਅਪਣੇ ਕਛਹਿਰੇ ਨੂੰ ਛੱਡ ਕੇ ਸਾਰੇ ਕਪੜੇ ਲਾਹ ਕੇ ਸੁਪਰਡੈਂਟ ਨੂੰ ਫੜਾ ਦਿਤੇ I ਇਸ ਮਗਰੋਂ 13 ਹੋਰ ਕੈਦੀਆਂ ਨੇ ਵੀ ਕਪੜੇ ਲਾਹ ਦਿਤੇ ਤੇ ਕਿਹਾ ਕਿ ਅਸੀ ਉਦੋਂ ਹੀ ਕਪੜੇ ਪਾਵਾਂਗੇ ਜਦੋਂ ਸਾਨੂੰ ਦਸਤਾਰਾਂ ਮਿਲਣਗੀਆਂ I ਇਸ ਤੋਂ ਬਾਅਦ ਖੜਕ ਸਿੰਘ ਤਿੰਨ ਸਾਲ ਤੋਂ ਵੱਧ ਜੇਲ ਵਿਚ ਰਹੇ ਅਤੇ ਜਿਸਮ ‘ਤੇ ਕੋਈ ਕਪੜਾ ਨਾ ਪਾਇਆ (ਪਰ ਬਾਕੀ ਕੈਦੀਆਂ ਨੇ ਕਪੜੇ ਪਾ ਲਏ ਸਨ) I ਉਹ 1927 ਦੀਆਂ ਗਰਮੀਆਂ ਵਿਚ ਜੇਲ ਵਿਚੋਂ ਇਸੇ ਕਛਹਿਰੇ ਨਾਲ ਹੀ ਰਿਹਾਅ ਹੋਏ I
ਸਿੱਖ ਸਟੂਡੈਂਟ ਫ਼ੈਡਰੇਸ਼ਨ ਦੇ ਪ੍ਰਧਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਨੇ ਨੌਜਵਾਨ ਭਾਈ ਹਰਮਿੰਦਰ ਸਿੰਘ ਸੰਧੂ ਦੀ ਸੂਝ-ਬੂਝ ਅਤੇ ਦੂਰ-ਅੰਦੇਸ਼ੀ ਤੋਂ ਪ੍ਰਭਾਵਿਤ ਹੋ ਕੇ ਫ਼ੈਡਰੇਸ਼ਨ ਦੇ ਜਨਰਲ ਸਕੱਤਰ ਬਣਾਇਆ । 1978 ਵਿੱਚ ਸੰਤ ਜੀ ਵੱਲੋਂ ‘ਧਰਮ ਯੁੱਧ ਮੋਰਚਾ’ ਅਰੰਭ ਦਿੱਤਾ ਗਿਆ ਅਤੇ ਨਸ਼ਈ ਬਣ ਰਹੀ ਸਿੱਖ ਨੌਜਵਾਨੀ ਭਾਈ ਅਮਰੀਕ ਸਿੰਘ ਅਤੇ ਭਾਈ ਹਰਮਿੰਦਰ ਸਿੰਘ ਸੰਧੂ ਦੀਆਂ ਕਾਰਜ ਨੀਤੀਆਂ ਸਦਕਾ ਆਪਣੇ ਹੱਕ-ਹਕੂਕਾਂ ਪ੍ਰਤੀ ਜਾਗਰੂਕ ਹੋ ਕੇ ਸਿੱਖ ਇਨਕਲਾਬ ਵੱਲ ਵਧਣ ਲੱਗੀ। ਭਾਈ ਸੰਧੂ ਮਹਿਜ਼ ਨਾਹਰਿਆਂ ਨਾਲ ਰਾਜਸੀ ਰੁਮਾਂਸ ਸਿਰਜਣ ਵਾਲਾ ਸ਼ੋਸ਼ੇਬਾਜ਼ ਨੇਤਾ ਨਹੀਂ ਸੀ, ਸੰਘਰਸ਼ ਦੇ ਹਰ ਨੁਕਤੇ ਅਤੇ ਵਿਚਾਰ ਸੰਬੰਧੀ ਉਸ ਕੋਲ ਦਲੀਲਾਂ ਦੀ ਭਰਮਾਰ ਸੀ।
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਦਾ ਭਾਈ ਹਰਮਿੰਦਰ ਸਿੰਘ ਸੰਧੂ ਨਾਲ ਬਹੁਤ ਪਿਆਰ ਸੀ । ਭਾਈ ਸੰਧੂ ਨੂੰ ਸੰਤਾਂ ਦੀਆ ਵੀਡੀਉਜ ਵਿੱਚ ਦੋ-ਭਾਸ਼ਾਈਏ (interpreter) ਦੀ ਭੂਮਿਕਾ ਨਿਭਾਉਦਿਆ ਵੇਖਿਆ ਜਾ ਸਕਦਾ ਹੈ । ਸੰਤਾਂ ਨੇ ਭਾਈ ਸੰਧੂ ਦਾ ਅਨੰਦ-ਕਾਰਜ ਆਪਣੇ ਹੱਥੀ ਗੁਰੂ ਰਾਮਦਾਸ ਲੰਗਰ ਦੀ ਛੱਤ ਤੇ ਕੀਤਾ । ਜੂਨ 1984 ਦੇ ਅਕਾਲ ਤਖਤ ਸਾਹਿਬ ਦੇ ਹਮਲੇ ਵੇਲੇ ਭਾਈ ਸਾਹਿਬ ਦੀ ਪਤਨੀ ਸ਼ਹੀਦ ਹੋ ਗਈ ਸੀ ਅਤੇ ਭਾਈ ਸਾਹਿਬ ਨੂੰ ਗ੍ਰਿਫਤਾਰ ਕਰਕੇ ਜੋਧਪੁਰ ਜੇਲ ਭੇਜ ਦਿੱਤਾ ਗਿਆ ਸੀ।
ਭਾਈ ਹਰਮਿੰਦਰ ਸਿੰਘ ਸੰਧੂ ਇਕ ਦੂਰ-ਅੰਦੇਸ਼ ਨੇਤਾ ਸੀ । ਰਿਹਾਈ ਤੋਂ ਬਾਅਦ ਉਹ ਪਿੰਡ-ਪਿੰਡ ‘ਖਾਲਸਾ ਪੰਚਾਇਤਾਂ’ ਦੀ ਸਥਾਪਨਾ ਕਰਕੇ ਖਾਲਸਾ ਰਾਜ ਦਾ ਢਾਂਚਾ ਵਿਕਸਿਤ ਕਰਨਾ ਚਾਹੁੰਦੇ ਸਨ ਅਤੇ ਇਸ ਦੇ ਲਈ ਉਨ੍ਹਾਂ ਸ਼ੁਰੂਆਤੀ ਤੌਰ ਤੇ 3000 ਪੰਚਾਇਤਾਂ ਦੇ ਗਠਨ ਦਾ ਐਲਾਨ ਕਰਨਾ ਸੀ ਪਰ ਉਸ ਤੋਂ ਪਹਿਲਾ ਹੀ 24 ਜਨਵਰੀ 1990 ਦੀ ਸਵੇਰ ਨੂੰ ਉਨ੍ਹਾਂ ਦੇ ਅੰਮ੍ਰਿਤਸਰ ਸਾਹਿਬ ਸਥਿਤ ਘਰ ਵਿੱਚ ਅਣਪਛਾਤੇ ਵਿਅਕਤੀਆ ਨੇ ਦਾਖਲ ਹੋ ਕੇ ਕਤਲ ਕਰ ਦਿੱਤਾ । ਉਸ ਸਮੇਂ ਉਨ੍ਹਾਂ ਦੇ ਦੂਸਰੇ ਵਿਆਹ ਹੋਏ ਨੂੰ ਕੇਵਲ 2 ਹਫਤੇ ਦਾ ਹੀ ਸਮਾਂ ਹੋਇਆ ਸੀ ।
1921 ਮਹੰਤਾਂ ਤੋਂ ਤਰਨ ਤਾਰਨ ਸਾਹਿਬ ਦਾ ਗੁਰਦੁਆਰਾ ਸਾਹਿਬ ਅਜਾਦ ਕਰਵਾਉਣ ਲਈ ਮੋਰਚਾ ਅਰੰਭ ਹੋਇਆ । ਇਹ ਗੁਰਦੁਆਰਾ ਸੁਧਾਰ ਲਹਿਰ ਦੀ ਸ਼ੁਰੂਆਤ ਸੀ । ਭਾਈ ਹਜ਼ਾਰਾ ਸਿੰਘ ਜੀ ਇਸ ਲਹਿਰ ਦੇ ਪਹਿਲੇ ਸ਼ਹੀਦ ਹੋਏ ਜਿਹੜੇ ਕਿ ਬਾਬਾ ਬਘੇਲ ਸਿੰਘ ਜੀ ਦੀ ਵੰਸ਼ ਵਿੱਚੋ ਸਨ । ਇਥੇ ਹੀ ਭਾਈ ਹੁਕਮ ਸਿੰਘ ਜੀ ਨੇ ਸ਼ਹੀਦੀ ਪਾਈ ।
ਇਸ ਤਰਾ ਇਸ ਇਤਿਹਾਸਕ ਸਥਾਨ ਨੂੰ ਕੁਰੱਪਟ ਮਹੰਤਾਂ ਤੋਂ ਅਜਾਦ ਕਰਵਾਉਣ ਲਈ 2 ਸਿੰਘਾ ਨੇ ਸ਼ਹੀਦੀ ਪਾਈ ਅਤੇ 17 ਸਿੰਘ ਜਖਮੀ ਹੋਏ ।
26 ਜਨਵਰੀ 1986 ਨੁੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਅਤੇ ਦਮਦਮੀ ਟਕਸਾਲ ਵੱਲੋਂ ਸਰਬੱਤ ਖਾਲਸਾ ਬੁਲਾਇਆ ਗਿਆ I ਸਰਕਾਰ ਨੇ ਇਸ ਸਰਬੱਤ ਖਾਲਸਾ ਇਕੱਠ ਨੂੰ ਰੋਕਣ ਲਈ ਹਰ ਹੀਲਾ ਵਰਤਿਆ ਪਰ ਧੰਨ ਹਨ ਗੁਰੂ ਦੇ ਪਿਆਰੇ, ਜਿਨਾ੍ ਨੇ ਆਪਣੇ ਘਰਾਂ ਦੀਆ ਕੰਧਾਂ ਵਿੱਚ ਮਘੋਰੇ ਕੱਢ ਦੇ ਸੰਗਤ ਨੂੰ ਅਕਾਲ ਤਖਤ ਸਾਹਿਬ ਪਹੁੰਚਣ ਵਿੱਚ ਮਦਦ ਕੀਤੀ । ਸਰਕਾਰ ਵੱਲੋਂ ਅੰਮ੍ਰਿਤਸਰ ਸਾਹਿਬ ਦੀਆ ਸਾਰੀਆ ਸੜਕਾ ਸੀਲ ਕਰਨ ਦੇ ਬਾਵਜੂਦ ਵੀ ਬੇਮਿਸਾਲ ਸੰਗਤਾਂ ਅਕਾਲ ਤਖਤ ਸਾਹਿਬ ਤੇ ਇਕੱਤਰ ਹੋਈਆ ।
ਸਰਬੱਤ ਖਾਲਸੇ ਵੱਲੋਂ ਲਏ ਫੈਸਲਿਆ ਅਨੁਸਾਰ ਪੰਜ ਮੈਂਬਰੀ ਪੰਥਕ ਕਮੇਟੀ ਬਣਾਈ ਗਈ,ਜਿਸ ਵਿਚ ਗਿਆਨੀ ਅਰੂੜ ਸਿੰਘ ਭਾਈ ਗੁਰਦੇਵ ਸਿੰਘ ਉਸਮਾਨ ਵਾਲਾ,ਬਾਬਾ ਗੁਰਬਚਨ ਸਿੰਘ ਮਾਨੋਚਾਹਲ,ਭਾਈ ਧੰਨਾ ਸਿੰਘ ਅਤੇ ਭਾਈ ਵੱਸਣ ਸਿੰਘ ਜ਼ਫ਼ਰਵਾਲ ਸ਼ਾਮਲ ਸਨ।
ਭਾਈ ਜਸਵੀਰ ਸਿੰਘ ਰੋਡੇ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਐਲਾਨਿਆ ਗਿਆ । ਉਨ੍ਹਾਂ ਦੇ ਜੇਲ ਵਿੱਚ ਹੋਣ ਕਾਰਨ ਸਰਬੱਤ ਖਾਲਸਾ ਵਲੋਂ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਨੂੰ ਕਾਰਜਕਾਰੀ ਜਥੇਦਾਰ ਥਾਪਿਆ ਗਿਆ ।
ਕੌਮ ਤੇ ਹੋ ਰਹੇ ਜੁਲਮਾਂ ਨੂੰ ਨਾ ਸਹਾਰਦਿਆ ਜਥੇਦਾਰ ਭਾਈ ਅਵਤਾਰ ਸਿੰਘ ਬ੍ਰਹਮਾ ਦੇ ਆਦੇਸ਼ ਤਹਿਤ ਘਰ ਵਿੱਚ ਰਹਿੰਦਿਆ ਹੀ ਭਾਈ ਹਰਦੇਵ ਸਿੰਘ ਜੀ ਨੇ ਸਿਖ ਸੰਘਰਸ਼ ਵਿੱਚ ਸੇਵਾ ਸ਼ੁਰੂ ਕਰ ਦਿਤੀ । ਕੌਮੀ ਸੰਘਰਸ਼ ਕਰਦਿਆ ਝਬਾਲ ਦੇ ਨੇੜੇ ਲਾਲ ਘੁਮਾਨਾ ਪਿੰਡ 1 ਅਗਸਤ 1990 6 ਵਜੇ ਸ਼ਾਮ ਨੂੰ ਭਾਰਤੀ ਸੁਰੱਖਿਆ ਬਲ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੁਤਰਾਂ ਦੇ ਵਿਚਕਾਰ 29 ਘੰਟੇ ਦਾ ਅਸਲ ਮੁਕਾਬਲਾ ਹੋਇਆ | ਜਿਸ ਵਿੱਚ ਭਾਈ ਜੋਗਿੰਦਰ ਸਿੰਘ ਬਠਲ ਅਤੇ ਭਾਈ ਹਰਜੀਤ ਸਿੰਘ ਬੱਬਰ ਸ਼ਹੀਦੀ ਪ੍ਰਾਪਤ ਕਰ ਗਏ , ਭਾਈ ਹਰਦੇਵ ਸਿੰਘ ਜੀ ਦੂਸਰੇ ਸਿੰਘਾਂ ਨਾਲ ਓਥੋਂ ਨਿਕਲਣ ਚ ਸਫਲ ਹੋ ਗਏ I
26 ਜਨਵਰੀ 1991 ਦੇ ਅਖੀਰ ਵਿੱਚ , ਸ਼ਨੀਵਾਰ ਨੂੰ ਭਾਈ ਸਾਹਿਬ ਜੀ ਨੂੰ ਲਾਲ ਘੁਮਾਨਾ ਪੀੜ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਅਗਲੇ ਦਿਨ ਐਤਵਾਰ ਨੂੰ ਸਵੇਰ ਦੇ 5 ਵਜੇ ਇੱਕ ਝੂਠੇ ਮੁਕਾਬਲੇ ਵਿੱਚ ਸ਼ਹੀਦ ਕਰ ਦਿਤਾ ਗਿਆ ਅਤੇ ਪਰਿਵਾਰ ਨੂੰ ਸੂਚਿਤ ਕੀਤੇ ਬਿਨਾਂ ਹੀ ਭਾਈ ਸਾਹਿਬ ਦਾ ਅੰਤਿਮ ਸੰਸਕਾਰ ਕਰ ਦਿਤਾ । 5 ਫਰਵਰੀ 1991 ਦੇ ਦਿਨ ਭਾਈ ਸਾਹਿਬ ਦੀ ਅੰਤਿਮ ਅਰਦਾਸ ਮੌਕੇ ਕਈ ਪੰਥਕ ਸੰਗਠਨਾਂ, ਸਿੱਖ , ਹਿੰਦੂ ਅਤੇ ਮੁਸਲਮਾਨ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ।
ਜਥੇਦਾਰ ਸੁਖਦੇਵ ਸਿੰਘ ਬੱਬਰ ਅਤੇ ਭਾਈ ਵਧਾਵਾ ਸਿੰਘ ਦੀ ਅਗਵਾਈ ਵਿੱਚ ਭਾਈ ਅਮਰਜੀਤ ਸਿੰਘ ਸਿੱਖ ਨੇ ਅਜ਼ਾਦੀ ਦੇ ਅੰਦੇਲਨ ਵਿੱਚ ਓਹਨਾਂ ਨਾਲ ਮਿਲਕੇ ਵੱਡਮੁੱਲਾ ਯੋਗਦਾਨ ਦਿੱਤਾ | ਭਾਈ ਅਮਰਜੀਤ ਸਿੰਘ ਜੀ ਦੇ ਸਰੀਰਕ ਕੱਦ ਅਤੇ ਬੋਲਣ ਦੇ ਸ਼ਾਹਿਨਸ਼ਾਹੀ ਅੰਦਾਜ਼ ਤੋਂ ਪ੍ਰਭਾਵਿਤ ਹੋਕੇ ਭਾਈ ਸੁਖਦੇਵ ਸਿੰਘ ਬੱਬਰ ਜੀ ਨੇ ਆਪ ਜੀ ਨੂੰ ” ਪ੍ਰਿੰਸ ‘ ਖਿਤਾਬ ਦਿਤਾ ਅਤੇ ਆਪ ਜੀ ਨੂੰ ਸਾਰੇ ਸਿੰਘ ”ਸ਼ਹਿਜਾਦਾ” ਕਹਿ ਕੇ ਬੁਲਾਉਂਦੇ ਸੀ I