ਸ਼ਹੀਦੀ ਉਪਰੰਤ ਭਾਈ ਟੋਡਰ ਮੱਲ ਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸਸਕਾਰ ਲਈ ਵਜ਼ੀਰ ਖਾਨ ਤੋਂ ਆਗਿਆ ਮੰਗੀ ਪਰ ਵਜ਼ੀਰ ਖਾਨ ਨੇ ਸ਼ਰਤ ਰੱਖੀ ਕਿ ਜਿੰਨੀ ਤੈਨੂੰ ਜਗ੍ਹਾ ਸਸਕਾਰ ਵਾਸਤੇ ਚਾਹੀਦੀ ਹੈ, ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਜਮੀਨ ਮੁੱਲ ਖਰੀਦ ਲੈ, ਤਾਂ ਭਾਈ ਟੋਡਰ ਮੱਲ ਨੇ ਖੜ੍ਹੀਆਂ ਮੋਹਰਾਂ ਦੇ ਕੇ ਵਜ਼ੀਰ ਖਾਂ ਤੋਂ ਸਸਕਾਰ ਵਾਸਤੇ ਜ਼ਮੀਨ ਖਰੀਦੀ ਅਤੇ ਮਹਾਨ ਸੇਵਾ ਕੀਤੀ I ਜਿਸ ਸਥਾਨ ਤੇ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ, ਉਥੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਸਥਿਤ ਹੈ।
ਭਾਈ ਧਰਮ ਸਿੰਘ ਕਾਸ਼ਤੀਵਾਲ ਨੇ ਬੜੀ ਸੂਝ-ਬੂਝ ਅਤੇ ਬਹਾਦਰੀ ਨਾਲ ਲੰਬਾ ਸਮਾਂ ਸਿੱਖ ਸੰਘਰਸ਼ ਵਿੱਚ ਯੋਗਦਾਨ ਪਾਇਆ ਅਤੇ ਆਪਣੇ ਗੁਰੀਲਾ ਐਕਸ਼ਨਾ ਨਾਲ ਹਿੰਦੋਸਤਾਵੀ ਫੋਰਸਾਂ ਦੇ ਨੱਕ ਵਿੱਚ ਦੱਮ ਕਰੀ ਰੱਖਿਆ । 28 ਦਸੰਬਰ 1992 ਨੂੰ ਉਨ੍ਹਾਂ ਨੇ ਪੁਲਿਸ ਘੇਰੇ ਵਿਚ ਆ ਜਾਣ ਕਰ ਕੇ ਸਾਇਆਨਾਈਡ ਖਾ ਕੇ ਸ਼ਹੀਦੀ ਪ੍ਰਾਪਤ ਕੀਤੀ । ਉਨ੍ਹਾਂ ਦੇ ਇਸ ਸੰਘਰਸ਼ ਵਿੱਚ ਉਨ੍ਹਾਂ ਦੀ ਪਤਨੀ ਬੀਬੀ ਸੰਦੀਪ ਕੌਰ ਨੇ ਵੀ ਬਰਾਬਰ ਹਿੱਸਾ ਲਿਆ ਅਤੇ ਜੇਲ ਕੱਟੀ । ਹੁਣ ਬੀਬੀ ਸੰਦੀਪ ਕੌਰ ਜੀ ਸ਼ਹੀਦ ਸਿੰਘਾਂ ਦੇ ਬੱਚਿਆ ਦੀ ਸੇਵਾ-ਸੰਭਾਲ ਲਈ ਸੰਸਥਾ ਚਲਾਉਦੇ ਹਨ । ਭਾਈ ਧਰਮ ਸਿੰਘ ਕਾਸ਼ਤੀਵਾਲ ਦੇ ਛੋਟੇ ਭਰਾ ਭਾਈ ਸਾਹਿਬ ਸਿੰਘ ਨੇ ਵੀ ਆਪਣੀ ਜਿੰਦਗੀ ਕੌਮ ਦੇ ਲੇਖੇ ਲਾਉਦਿਆ ਪੁਲਿਸ ਦਾ ਸਿਰ ਵਿੱਚ ਕਿੱਲ ਠੋਲਣ ਜਿਹਾ ਜੁਲਮ ਸਹਿ ਕੇ ਸ਼ਹੀਦੀ ਪ੍ਰਾਪਤ ਕੀਤੀ ।
26 ਜਨਵਰੀ 1986 ਨੂੰ ਅਕਾਲ ਤਖਤ ਸਾਹਿਬ ’ਤੇ ਹੋਏ ਸਰਬੱਤ ਖਾਲਸਾ ਨੇ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ, ਪ੍ਰੰਤੂ ਉਨ੍ਹਾਂ ਦੀ ਤਿਹਾੜ ਜੇਲ੍ਹ ਵਿਚ ਨਜ਼ਰਬੰਦੀ ਕਾਰਨ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ।
ਬਰਨਾਲਾ ਸਰਕਾਰ ਸਮੇਂ 30 ਅਪ੍ਰੈਲ 1986 ਨੂੰ ਹੋਏ ‘ਅਪ੍ਰੇਸ਼ਨ ਬਲੈਕ ਥੰਡਰ’ ਦੌਰਾਨ ਭਾਈ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਲਗਭਗ 2 ਸਾਲ ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿਚ ਰੱਖਿਆ ਗਿਆ।
1989 ਦੇ ਆਰ.ਐਸ.ਐਸ. ਦੀ ਸ਼ਾਖਾ ’ਤੇ ਹੋਏ ਗੋਲੀ ਕਾਂਡ ਤੋਂ ਬਾਅਦ ਲੁਧਿਆਣਾ ਦੇ ਐਸ.ਐਸ.ਪੀ. ਸੁਮੇਧ ਸੈਣੀ ਨੇ ਭਾਈ ਸਾਹਿਬ ’ਤੇ ਅੰਨ੍ਹਾ ਤਸ਼ੱਦਦ ਕੀਤਾ ਤੇ ਕਈ ਘੰਟੇ ਪੁੱਠੇ ਲਟਕਾਈ ਰੱਖਿਆ।
1989 ਵਿਚ ਹੀ ਬਿਦਰ ਕਾਂਡ ਵਿਚ ਫਿਰ ਆਪ ਨੂੰ ਚੁੱਕ ਲਿਆ ਗਿਆ ਤੇ ਇਕ ਸਾਲ ਜੇਲ੍ਹ ’ਚ ਰੱਖਿਆ ਗਿਆ।
19 ਮਈ 1991 ਵਿਚ ਭਾਈ ਸਾਹਿਬ ਫਿਰ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਅਤੇ ਡੇਢ ਸਾਲ ਦੇ ਲਗਭਗ ਫਿਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਰਹਿਣਾ ਪਿਆ।
20 ਦਸੰਬਰ 1992 ਨੂੰ ਤੜਕੇ 4 ਵਜੇ ਜਗਰਾਓਂ ਪੁਲਿਸ ਨੇ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ, ਜਦੋਂ ਬਾਲੜੇ ਦੋਹਤੇ ਦੀ ਲਾਸ਼ ਘਰ ਵਿਚ ਪਈ ਸੀ। ਉਸ ਦਿਨ ਤਾਂ ਭਾਵੇਂ ਆਪ ਨੂੰ ਜਲਦੀ ਹੀ ਛੱਡ ਦਿੱਤਾ ਗਿਆ, ਪ੍ਰੰਤੂ ਪੁਲਿਸ ਜਥੇਦਾਰ ਕਾਉਂਕੇ ਦੀ ਹੋਣੀ ਦਾ ਫੈਸਲਾ ਕਰ ਚੁੱਕੀ ਸੀ, ਇਸੇ ਕਰਕੇ 25 ਦਸੰਬਰ ਨੂੰ ਸੈਂਕੜੇ ਪਿੰਡ ਵਾਸੀਆਂ ਦੇ ਇਕੱਠ ਸਾਹਮਣੇ ਜਗਰਾਉਂ ਪੁਲਿਸ ਨੇ ਆਪ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਆਪਣੇ ਪਿੰਡ ਵਾਸੀਆਂ ਨੂੰ ਅਲ਼ਵਿਦਾ ਆਖਦੇ ਹੋਏ ਇਹ ਸ਼ਬਦ ਕਹੇ ਸਨ “ਇਸ ਵਾਰ ਪੁਲਸ ਆਪਣਾ ਕਾਰਾ ਕਰਕੇ ਰਹੂਗੀ।”
4 ਜਨਵਰੀ 1993 ਦੀ ਸਵੇਰ ਅਖਬਾਰਾਂ ਦੀਆਂ ਮੋਟੀਆਂ ਸੁਰਖੀਆਂ ਵਿਚ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਪੁਲਸ ਹਿਰਾਸਤ ਵਿਚੋਂ ਫਰਾਰੀ ਦੀ ਖਬਰ ਸੀ। ਪੰਜਾਬ ਦੇ ਲੋਕ ਸਮਝ ਗਏ ਕਿ ਭਾਣਾ ਵਾਪਰ ਚੁੱਕਾ ਹੈ ਕਿਉਕਿ ਇਹ ਪੁਲਿਸ ਦਾ ਆਮ ਹੀ ਵਰਤਾਰਾ ਸੀ ਕਿ ਸਿੰਘਾਂ ਨੂੰ ਮਾਰ ਕੇ ਬਾਅਦ ਵਿੱਚ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋਣ ਦੀ ਝੂਠੀ ਖਬਰ ਦੇ ਦਿੱਤੀ ਜਾਂਦੀ ਸੀ ।
ਅਸਲੀਅਤ ਵਿਚ ਪੁਲਸ ਵਲੋਂ ਭਾਈ ਸਾਹਿਬ ਨੂੰ 25 ਦਸੰਬਰ ਤੋਂ ਲਗਾਤਾਰ ਤਸੀਹੇ ਦਿੱਤੇ ਗਏ, ਉਨ੍ਹਾਂ ’ਤੇ ਅੰਨ੍ਹਾ ਤਸ਼ੱਦਦ ਕੀਤਾ ਗਿਆ I ਅਤੇ 1 ਜਨਵਰੀ ਨੂੰ ਸ਼ਹੀਦ ਕਰ ਦਿੱਤਾ ਗਿਆ ।
ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਭਾਈ ਕਾਉਂਕੇ ਦੀ ਫਰਾਰੀ ਸਬੰਧੀ ਝੂਠੀ ਕਹਾਣੀ ਤੋਂ ਬਾਅਦ ਭਾਈ ਕਾਉਂਕੇ ਦੀ ਸ਼ਹਾਦਤ ਸਬੰਧੀ ਤੇ ਪੁਲਿਸ ਤਸ਼ੱਦਦ ਵਿਰੁੱਧ ਨਾਅਰਾ ਬੁਲੰਦ ਕਰਨ ਵਾਲਿਆਂ ਵਿਚ ਅੱਗੇ ਸਨ। ਬਾਦਲ ਨੇ ਕਾਉਂਕੇ ਪਿੰਡ ਜਾਣ ਲਈ ਰੋਸ ਧਰਨ ਵੀ ਦਿੱਤਾ ਸੀ ਅਤੇ ਜੇਲ੍ਹ ਯਾਤਰਾ ਵੀ ਕੀਤੀ ਸੀ। ਪ੍ਰੰਤੂ ਹੁਣ ਸ਼ਾਇਦ ਹਾਲਾਤ ਬਦਲ ਗਏ ਹਨ, ਤਿਵਾੜੀ ਕਮਿਸ਼ਨ ਵੱਲੋਂ ਭਾਈ ਕਾਉਂਕੇ ਦੇ ਝੂਠੇ ਪੁਲਿਸ ਮੁਕਾਬਲੇ ਦੀ ਜਾਂਚ ਰਿਪੋਰਟ ਸਰਕਾਰ ਨੂੰ ਦਿੱਤਿਆ 12 ਸਾਲ ਹੋ ਗਏ ਹਨ ਪਰ ਪੰਥਕ ਸਰਕਾਰ ਵੱਲੋਂ ਇਹ ਜਾਂਚ ਰਿਪੋਰਟ ਜਨਤਕ ਨਹੀ ਕੀਤੀ ਗਈ ।
ਆਪ ਜਿੱਥੇ ਹੱਥ ਵਿੱਚ ਹਥਿਆਰ ਫੜ ਕੇ ਗੁਰੀਲਾ ਜੰਗ ਲੜਨ ਵਿੱਚ ਪੂਰੇ ਮਾਹਰ ਸਨ,ਉੱਥੇ ਨਾਲ ਹੀ ਆਪ ਕਲਮ ਦੇ ਵੀ ਧਨੀ ਸਨ ਸਨ।ਆਪ ਦੀਆਂ ਲਿਖਤਾਂ ਜੋ ਕਿ ਓਸ ਸਮੇਂ ਦੇ ਵੱਖ-ਵੱਖ ਪੰਥਕ ਮੈਗਜ਼ੀਨਾਂ ਵਿੱਚ ਛਪਦੀਆਂ ਸਨ ਫ਼ਰਵਰੀ 1991 ਚ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੇ ਨਾਂ ਲਿਖੀ ਆਪ ਦੀ ਖੁੱਲ੍ਹੀ ਚਿੱਠੀ ਵਿਦਵਾਨ ਹਲਕਿਆਂ ਚ ਕਾਫ਼ੀ ਚਰਚਿਤ ਰਹੀ।
ਭਾਈ ਬਘੇਲ ਸਿੰਘ ਇਸੇ ਹੀ ਤਰ੍ਹਾਂ ਸੰਘਰਸ਼ ਚ ਬੜੀ ਸੂਝ-ਬੂਝ ਨਾਲ ਅਗਵਾਈ ਦਿੰਦੇ ਰਹੇ। ਆਪ ਨੂੰ ਦਸੰਬਰ 1991 ਦੇ ਅਖੀਰ ਵਿੱਚ ਬਿਹਾਰ ਦੀ ਜਮਸ਼ੇਦਪੁਰ ਪੁਲੀਸ ਨੇ ਟਾਟਾ ਨਗਰ ਤੋਂ ਇੱਕ ਸਾਥੀ ਭਾਈ ਬਲਕਾਰ ਸਿੰਘ ਦੇ ਨਾਲ ਗ੍ਰਿਫ਼ਤਾਰ ਕਰ ਲਿਆ I
ਜਨਵਰੀ 1992 ਨੂੰ ਪੰਜਾਬ ਪੁਲੀਸ ਆਪ ਨੂੰ ਇੱਕ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਪੰਜਾਬ ਲੈ ਆਈ। ਹੁਣ ਲਗਭਗ ਤੈਅ ਸੀ ਕਿ ਆਪ ਉੱਪਰ ਅੰਨ੍ਹਾ ਤਸ਼ੱਦਦ ਕਰ ਕੇ ਆਪ ਨੂੰ ਸ਼ਹੀਦ ਕਰ ਦਿੱਤਾ ਜਾਵੇਗਾ,ਇਸ ਲਈ ਵੱਖ-ਵੱਖ ਪੰਥਕ ਧਿਰਾਂ ਨੇ ਅਖਬਾਰਾਂ ਰਾਹੀਂ ਆਪ ਨੂੰ ਅਦਾਲਤ ਚ ਪੇਸ਼ ਕਰਨ ਦੀਆਂ ਅਪੀਲਾਂ ਕੀਤੀਆਂ। ਪਰ ਬੁਖਲਾਈ ਹੋਈ ਹਿੰਦ ਸਰਕਾਰ ਇਸ ਦੂਰਅੰਦੇਸ਼ ਤੇ ਵਿਦਵਾਨ ਜੁਝਾਰੂ ਨੂੰ ਜਿਉਂਦਾ ਛੱਡਣ ਦਾ ਖਤਰਾ ਮੁੱਲ ਨਹੀਂ ਸੀ ਲੈਣਾ ਚਾਹੁੰਦੀ I 20 ਜਨਵਰੀ 1992 ਦੀਆਂ ਅਖਬਾਰਾਂ ਵਿੱਚ ਨਸਰ ਕੀਤਾ ਕਿ ਭਾਈ ਬਘੇਲ ਸਿੰਘ ਪੁਲੀਸ ਹਿਰਾਸਤ ਚੋਂ ਫ਼ਰਾਰ ਹੋਣ ਦੀ ਕੋਸ਼ਿਸ਼ ਵਿੱਚ ਪਿੰਡ ਗੱਗੜਭਾਣੇ ਕੋਲ ਟਰੱਕ ਹੇਠ ਆ ਕੇ ਕੁਚਲੇ ਗਏ ਹਨ I
ਬੀਬੀ ਅਮਨਦੀਪ ਕੌਰ ਭਾਈ ਹਰਪਿੰਦਰ ਸਿੰਘ ਉਰਫ ”ਗੋਲਡੀ” ਉਰਫ ”ਪੰਮਾ” ਦੀ ਭੈਣ ਸਨ | ਪੁਲਿਸ ਦੀਆ ਨਜਰਾਂ ਵਿੱਚ ਇਹੀ ਉਨ੍ਹਾਂ ਦਾ ਵੱਡਾ ਕਸੂਰ ਸੀ । ਰਾਮਪੁਰਾ ਫੁਲ ਦੇ ਐਸ ਐਚ ਓ ਨੇ ਬੀਬੀ ਅਮਨਦੀਪ ਕੌਰ, ਉਨ੍ਹਾਂ ਦੇ ਪਤੀ ਅਤੇ ਪਿਤਾ ਨੂੰ ਉਦੋਂ ਚੁੱਕ ਲਿਆ, ਜਦੋ ਉਹ ਵਿਆਹ ਦੀ ਰਜਿਸ਼ਟ੍ਰੇਸ਼ਨ ਵਾਸਤੇ ਰਾਮਪੁਰਾ ਫੂਲ ਅਦਾਲਤ ਆਏ ਹੋਏ ਸੀ ।
21 ਦਿਨ ਦੀ ਗੈਰਕਾਨੂੰਨੀ ਹਿਰਾਸਤ ਵਿੱਚ ਰੱਖ ਕੇ ਬੀਬੀ ਅਮਨਦੀਪ ਕੌਰ ਨੂੰ ਪੁਲਿਸ ਵਾਲੇ ਬੇਪੱਤ ਕਰਦੇ ਰਹੇ ਅਤੇ ਉਨ੍ਹਾਂ ਦੇ ਪਤੀ ਅਤੇ ਪਿਤਾ ਤੇ ਜੁਲਮ ਢਾਹੁੰਦੇ ਰਹੇ । ਪਿਤਾ ਉਪਰ 30 ਨਵੰਬਰ 1991 ਨੂੰ ਝੂਠਾ ਕੇਸ ਦਰਜ਼ ਕਰ ਦਿੱਤਾ ਗਿਆ ਅਤੇ ਪਤੀ ਨੂੰ ਪਹਿਲਾ ਹੀ ਰਿਹਾਅ ਕਰ ਦਿੱਤਾ ਗਿਆ ।
21 ਜਨਵਰੀ 1992 ਤੱਕ ਅਮਨਦੀਪ ਕੌਰ ਨੇ ਲੁੱਕ ਛਿਪ ਕੇ ਗੁਜਾਰਾ ਕੀਤਾ। ਪੁਲਿਸ ਵੱਲੋਂ ਉਸਨੂੰ ਘਰ ਆ ਕੇ ਰਹਿਣ ਲਈ ਕਿਹਾ ਤੇ ਲੁਟੀ ਪੁਟੀ ਜਾਇਦਾਦ ਵਾਪਿਸ ਕਰਨ ਦਾ ਯਕੀਨ ਦਵਾਇਆ ਗਿਆ। ਅਮਨਦੀਪ ਕੌਰ ਘਰ ਵਾਪਸ ਆ ਗਈ। ਉਸੇ ਸ਼ਾਮ 7:30 ਵਜ਼ੇ ਜਦੋਂ ਅਮਨਦੀਪ ਕੌਰ ਦੀ ਮਾਤਾ ਬਾਹਰ ਗਈ ਸੀ ਤਾਂ ਐਸ.ਐਸ.ਪੀ. ਦੇ ਦੋ ਗੰਨਮੈਨਾਂ ਜਿੰਨ੍ਹਾਂ ਮੂੰਹ ਢੱਕੇ ਸਨ ਉਸ ਨੂੰ 21 ਜਨਵਰੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਬਾਅਦ ਵਿੱਚ 25 ਜੂਨ 1992 ਨੂੰ ਹਰਪਿੰਦਰ ਸਿੰਘ ਗੋਲਡੀ ਵੀ ਝੂਠੇ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਗਿਆ
ਭਾਈ ਗੁਰਨਾਮ ਸਿੰਘ ਦਾ ਜਨਮ ਮਿਤੀ 20 ਸਤੰਬਰ 1961 ਨੂੰ ਸ.ਸਿੰਗਾਰਾ ਸਿੰਘ ਦੇ ਘਰ ਮਾਤਾ ਮਹਿੰਦਰ ਕੌਰ ਦੀ ਕੁੱਖੋਂ ਹੋਇਆ। ਆਪ ਕਬੱਡੀ ਦੇ ਖਿਡਾਰੀ ਸਨ । 1978 ਵਿੱਚ ਦਿੱਲੀ ਤਖ਼ਤ ਦੀ ਸ਼ਹਿ ਨਾਲ ਜਦ ਭੂਤਰੇ ਹੋਏ ਨਰਕਧਾਰੀ ਗੁੰਡਿਆਂ ਨੇ ਗੋਲ਼ੀਆਂ ਦਾ ਮੀਂਹ ਵਰਾਂ ਕੇ ਤੇਰਾਂ ਸਿੰਘ ਸ਼ਹੀਦ ਕਰ ਦਿੱਤੇ ਤਾਂ ਆਪ ਉਸ ਸਮੇਂ ੧੭ ਸਾਲ ਦੀ ਉਮਰ ਵਿੱਚ ਹੀ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵਿੱਚ ਸ਼ਾਮਲ ਹੋ ਕੇ ਪੰਥ ਦੀ ਸੇਵਾ ਵਿੱਚ ਜੁੱਟ ਗਏ ।
ਭਾਈ ਧਰਮ ਸਿੰਘ ਕਾਸ਼ਤੀਵਾਲ ਅਤੇ ਹੋਰ ਜਥੇਬੰਦੀਆ ਨਾਲ ਸੇਵਾ ਨਿਭਾਉਦਿਆ ਪੰਥ ਦੋਖੀਆ ਨੂੰ ਸਬਕ ਸਿਖਾਉਦੇ ਰਹੇ ।
10 ਦਸੰਬਰ 1988 ਨੂੰ ਭਾਈ ਗੁਰਨਾਮ ਸਿੰਘ ਪਹਿਲਵਾਨ ਨੂੰ ਬਟਾਲੇ ਦੇ ਸ੍ਰੀ ਹਰਿਗੋਬਿੰਦਪੁਰ ਰੋਡ ਵਿਖੇ ਇੱਕ ਬਹਿਕ ਤੋਂ ਗ੍ਰਿਫਤਾਰ ਕਰਕੇ ਬਟਾਲੇ ਦੇ ਬਦਨਾਮ ਇੰਟੈਰੋਗੇਸ਼ਨ ਸੈਂਟਰ ਬੀਕੋ ਵਿੱਚ ਲਿਜਾਇਆ ਗਿਆ ਅਤੇ ਅਥਾਹ ਤਸ਼ੱਦਦ ਕੀਤਾ ਗਿਆ,ਪਰ ਆਪ ਨੇ ਆਪਣੀ ਜਥੇਬੰਦੀ ਦਾ ਕੋਈ ਭੇਤ ਨਾ ਦਿੱਤਾ। 21ਜਨਵਰੀ 1989 ਦੀ ਰਾਤ ਨੂੰ ਭਾਈ ਗੁਰਨਾਮ ਸਿੰਘ ਨੂੰ ਹਵਾਲਾਤ ‘ਚੋਂ ਬਾਹਰ ਕੱਢ ਲਿਆ ਗਿਆ ਅਤੇ ਜਾਂਗਲੇ ਦੇ ਪੁਲ ਤੇ ਲਿਜਾ ਕੇ ਸ਼ਹੀਦ ਕਰ ਦਿੱਤਾ । ਭਾਈ ਸਾਹਿਬ ਦੇ ਨਾਲ ਭਾਈ ਸੁਖਦੇਵ ਸਿੰਘ ,ਸੁੱਖਾ ਪਿੰਡ ਮੰਗੀਆਂ ਦਾ ਵੀ ਝੂਠਾ ਮੁਕਾਬਲਾ ਬਣਾਇਆ ਗਿਆ ।
22 ਜਨਵਰੀ 2004 ਦੇ ਦਿਨ ਚੰਡੀਗੜ੍ਹ ਦੀ ਬੁੜੈਲ ਜੇਲ੍ਹ ‘ਚ ਸੁਰੰਗ ਬਣਾ ਕੇ 3 ਖਾੜਕੂ ਸਿੰਘ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ | ਇਹ ਸਿੰਘ ਬੇਅੰਤਾਂ ਕਤਲ ਕੇਸ ਵਿਚ ਗ੍ਰਿਫਤਾਰ ਕੀਤੇ ਹੋਏ ਸਨ – ਭਾਈ ਜਗਤਾਰ ਸਿੰਘ ਹਵਾਰਾ (ਵਾਸੀ ਹਵਾਰਾ ਕਲਾਂ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ), ਭਾਈ ਜਗਤਾਰ ਸਿੰਘ ਤਾਰਾ (ਵਾਸੀ ਪਿੰਡ ਦੇਗਵਾਲਾ ਰੋਪੜ) ਅਤੇ ਭਾਈ ਪਰਮਜੀਤ ਸਿੰਘ ਭਿਉਰਾ (ਵਾਸੀ ਪਿੰਡ ਭਿਉਰਾ, ਰੋਪੜ) | ਉਨ੍ਹਾਂ ਨਾਲ ਇਕ ਹੋਰ ਕੈਦੀ ਹਰਿਆਣਵੀ ਰਸੋਈਆ ਦੇਵੀ ਸਿੰਘ ਵੀ ਫ਼ਰਾਰ ਹੋ ਗਿਆ |
1922 ਬਾਬਾ ਖੜਕ ਸਿੰਘ ਡੇਰਾ ਗ਼ਾਜ਼ੀ ਖ਼ਾਨ ਜੇਲ ਵਿਚ ਬੰਦ ਸੀ I ਇਸ ਜੇਲ ਵਿਚ ਸਿੱਖਾਂ ਨੂੰ ਦਸਤਾਰ ਪਹਿਨਣ ਦੀ ਇਜਾਜ਼ਤ ਸੀ ਪਰ 22 ਜਨਵਰੀ, 1923 ਦੇ ਦਿਨ ਜੇਲ ਸੁਪਰਡੈਂਟ ਨੇ ਸਿੱਖਾਂ ਨੂੰ ਬੈਰਕਾਂ ਵਿਚ ਬੰਦ ਕਰ ਕੇ ਨੰਬਰਦਾਰ ਤੇ ਵਾਰਡਨ ਮੰਗਵਾ ਕੇ ਸਿੱਖ ਕੈਦੀਆਂ ਦੀਆਂ ਜ਼ਬਰਦਸਤੀ ਦਸਤਾਰਾਂ ਲੁਹਾ ਲਈਆਂ I
ਜਦ ਖੜਕ ਸਿੰਘ ਦੀ ਦਸਤਾਰ ਖੋਹੀ ਗਈ ਤਾਂ ਉਨ੍ਹਾਂ ਨੇ ਅਪਣੇ ਕਛਹਿਰੇ ਨੂੰ ਛੱਡ ਕੇ ਸਾਰੇ ਕਪੜੇ ਲਾਹ ਕੇ ਸੁਪਰਡੈਂਟ ਨੂੰ ਫੜਾ ਦਿਤੇ I ਇਸ ਮਗਰੋਂ 13 ਹੋਰ ਕੈਦੀਆਂ ਨੇ ਵੀ ਕਪੜੇ ਲਾਹ ਦਿਤੇ ਤੇ ਕਿਹਾ ਕਿ ਅਸੀ ਉਦੋਂ ਹੀ ਕਪੜੇ ਪਾਵਾਂਗੇ ਜਦੋਂ ਸਾਨੂੰ ਦਸਤਾਰਾਂ ਮਿਲਣਗੀਆਂ I ਇਸ ਤੋਂ ਬਾਅਦ ਖੜਕ ਸਿੰਘ ਤਿੰਨ ਸਾਲ ਤੋਂ ਵੱਧ ਜੇਲ ਵਿਚ ਰਹੇ ਅਤੇ ਜਿਸਮ ‘ਤੇ ਕੋਈ ਕਪੜਾ ਨਾ ਪਾਇਆ (ਪਰ ਬਾਕੀ ਕੈਦੀਆਂ ਨੇ ਕਪੜੇ ਪਾ ਲਏ ਸਨ) I ਉਹ 1927 ਦੀਆਂ ਗਰਮੀਆਂ ਵਿਚ ਜੇਲ ਵਿਚੋਂ ਇਸੇ ਕਛਹਿਰੇ ਨਾਲ ਹੀ ਰਿਹਾਅ ਹੋਏ I
ਸਿੱਖ ਸਟੂਡੈਂਟ ਫ਼ੈਡਰੇਸ਼ਨ ਦੇ ਪ੍ਰਧਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਨੇ ਨੌਜਵਾਨ ਭਾਈ ਹਰਮਿੰਦਰ ਸਿੰਘ ਸੰਧੂ ਦੀ ਸੂਝ-ਬੂਝ ਅਤੇ ਦੂਰ-ਅੰਦੇਸ਼ੀ ਤੋਂ ਪ੍ਰਭਾਵਿਤ ਹੋ ਕੇ ਫ਼ੈਡਰੇਸ਼ਨ ਦੇ ਜਨਰਲ ਸਕੱਤਰ ਬਣਾਇਆ । 1978 ਵਿੱਚ ਸੰਤ ਜੀ ਵੱਲੋਂ ‘ਧਰਮ ਯੁੱਧ ਮੋਰਚਾ’ ਅਰੰਭ ਦਿੱਤਾ ਗਿਆ ਅਤੇ ਨਸ਼ਈ ਬਣ ਰਹੀ ਸਿੱਖ ਨੌਜਵਾਨੀ ਭਾਈ ਅਮਰੀਕ ਸਿੰਘ ਅਤੇ ਭਾਈ ਹਰਮਿੰਦਰ ਸਿੰਘ ਸੰਧੂ ਦੀਆਂ ਕਾਰਜ ਨੀਤੀਆਂ ਸਦਕਾ ਆਪਣੇ ਹੱਕ-ਹਕੂਕਾਂ ਪ੍ਰਤੀ ਜਾਗਰੂਕ ਹੋ ਕੇ ਸਿੱਖ ਇਨਕਲਾਬ ਵੱਲ ਵਧਣ ਲੱਗੀ। ਭਾਈ ਸੰਧੂ ਮਹਿਜ਼ ਨਾਹਰਿਆਂ ਨਾਲ ਰਾਜਸੀ ਰੁਮਾਂਸ ਸਿਰਜਣ ਵਾਲਾ ਸ਼ੋਸ਼ੇਬਾਜ਼ ਨੇਤਾ ਨਹੀਂ ਸੀ, ਸੰਘਰਸ਼ ਦੇ ਹਰ ਨੁਕਤੇ ਅਤੇ ਵਿਚਾਰ ਸੰਬੰਧੀ ਉਸ ਕੋਲ ਦਲੀਲਾਂ ਦੀ ਭਰਮਾਰ ਸੀ।
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਦਾ ਭਾਈ ਹਰਮਿੰਦਰ ਸਿੰਘ ਸੰਧੂ ਨਾਲ ਬਹੁਤ ਪਿਆਰ ਸੀ । ਭਾਈ ਸੰਧੂ ਨੂੰ ਸੰਤਾਂ ਦੀਆ ਵੀਡੀਉਜ ਵਿੱਚ ਦੋ-ਭਾਸ਼ਾਈਏ (interpreter) ਦੀ ਭੂਮਿਕਾ ਨਿਭਾਉਦਿਆ ਵੇਖਿਆ ਜਾ ਸਕਦਾ ਹੈ । ਸੰਤਾਂ ਨੇ ਭਾਈ ਸੰਧੂ ਦਾ ਅਨੰਦ-ਕਾਰਜ ਆਪਣੇ ਹੱਥੀ ਗੁਰੂ ਰਾਮਦਾਸ ਲੰਗਰ ਦੀ ਛੱਤ ਤੇ ਕੀਤਾ । ਜੂਨ 1984 ਦੇ ਅਕਾਲ ਤਖਤ ਸਾਹਿਬ ਦੇ ਹਮਲੇ ਵੇਲੇ ਭਾਈ ਸਾਹਿਬ ਦੀ ਪਤਨੀ ਸ਼ਹੀਦ ਹੋ ਗਈ ਸੀ ਅਤੇ ਭਾਈ ਸਾਹਿਬ ਨੂੰ ਗ੍ਰਿਫਤਾਰ ਕਰਕੇ ਜੋਧਪੁਰ ਜੇਲ ਭੇਜ ਦਿੱਤਾ ਗਿਆ ਸੀ।
ਭਾਈ ਹਰਮਿੰਦਰ ਸਿੰਘ ਸੰਧੂ ਇਕ ਦੂਰ-ਅੰਦੇਸ਼ ਨੇਤਾ ਸੀ । ਰਿਹਾਈ ਤੋਂ ਬਾਅਦ ਉਹ ਪਿੰਡ-ਪਿੰਡ ‘ਖਾਲਸਾ ਪੰਚਾਇਤਾਂ’ ਦੀ ਸਥਾਪਨਾ ਕਰਕੇ ਖਾਲਸਾ ਰਾਜ ਦਾ ਢਾਂਚਾ ਵਿਕਸਿਤ ਕਰਨਾ ਚਾਹੁੰਦੇ ਸਨ ਅਤੇ ਇਸ ਦੇ ਲਈ ਉਨ੍ਹਾਂ ਸ਼ੁਰੂਆਤੀ ਤੌਰ ਤੇ 3000 ਪੰਚਾਇਤਾਂ ਦੇ ਗਠਨ ਦਾ ਐਲਾਨ ਕਰਨਾ ਸੀ ਪਰ ਉਸ ਤੋਂ ਪਹਿਲਾ ਹੀ 24 ਜਨਵਰੀ 1990 ਦੀ ਸਵੇਰ ਨੂੰ ਉਨ੍ਹਾਂ ਦੇ ਅੰਮ੍ਰਿਤਸਰ ਸਾਹਿਬ ਸਥਿਤ ਘਰ ਵਿੱਚ ਅਣਪਛਾਤੇ ਵਿਅਕਤੀਆ ਨੇ ਦਾਖਲ ਹੋ ਕੇ ਕਤਲ ਕਰ ਦਿੱਤਾ । ਉਸ ਸਮੇਂ ਉਨ੍ਹਾਂ ਦੇ ਦੂਸਰੇ ਵਿਆਹ ਹੋਏ ਨੂੰ ਕੇਵਲ 2 ਹਫਤੇ ਦਾ ਹੀ ਸਮਾਂ ਹੋਇਆ ਸੀ ।
1921 ਮਹੰਤਾਂ ਤੋਂ ਤਰਨ ਤਾਰਨ ਸਾਹਿਬ ਦਾ ਗੁਰਦੁਆਰਾ ਸਾਹਿਬ ਅਜਾਦ ਕਰਵਾਉਣ ਲਈ ਮੋਰਚਾ ਅਰੰਭ ਹੋਇਆ । ਇਹ ਗੁਰਦੁਆਰਾ ਸੁਧਾਰ ਲਹਿਰ ਦੀ ਸ਼ੁਰੂਆਤ ਸੀ । ਭਾਈ ਹਜ਼ਾਰਾ ਸਿੰਘ ਜੀ ਇਸ ਲਹਿਰ ਦੇ ਪਹਿਲੇ ਸ਼ਹੀਦ ਹੋਏ ਜਿਹੜੇ ਕਿ ਬਾਬਾ ਬਘੇਲ ਸਿੰਘ ਜੀ ਦੀ ਵੰਸ਼ ਵਿੱਚੋ ਸਨ । ਇਥੇ ਹੀ ਭਾਈ ਹੁਕਮ ਸਿੰਘ ਜੀ ਨੇ ਸ਼ਹੀਦੀ ਪਾਈ ।
ਇਸ ਤਰਾ ਇਸ ਇਤਿਹਾਸਕ ਸਥਾਨ ਨੂੰ ਕੁਰੱਪਟ ਮਹੰਤਾਂ ਤੋਂ ਅਜਾਦ ਕਰਵਾਉਣ ਲਈ 2 ਸਿੰਘਾ ਨੇ ਸ਼ਹੀਦੀ ਪਾਈ ਅਤੇ 17 ਸਿੰਘ ਜਖਮੀ ਹੋਏ ।