Nanakshahi Calendar

Nov
17
Tue
1993 ਬਾਬਾ ਜੋਗਿੰਦਰ ਸਿੰਘ ਦਾ ਅਕਾਲ ਚਲਾਣਾ
Nov 17 all-day

20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਦੇ ਪਿਤਾ ਬਾਬਾ ਜੋਗਿੰਦਰ ਸਿੰਘ ਦਾ ਜਨਮ 20ਵੀਂ ਸਦੀ ਦੇ ਪਹਿਲੇ ਦਹਾਕੇ ਦੌਰਾਨ 1909 ਈ: ਵਿਚ ਮਾਲਵੇ ਦੀ ਧਰਤੀ ‘ਤੇ ਪਿੰਡ ਰੋਡੇ ਵਿਚ ਪਿਤਾ ਬਾਬਾ ਹਰਨਾਮ ਸਿੰਘ ਦੇ ਘਰ ਮਾਤਾ ਨੰਦ ਕੌਰ ਦੀ ਕੁੱਖ ਤੋਂ ਹੋਇਆ।
ਬਾਬਾ ਜੀ ਨੇ ਪੰਜਾਬੀ ਸੂਬੇ ਦੇ ਮੋਰਚੇ ਵਿਚ ਕਈ ਇਲਾਕਾ ਨਿਵਾਸੀਆਂ ਸਮੇਤ ਗ੍ਰਿਫ਼ਤਾਰੀ ਦਿੱਤੀ। ਬਾਬਾ ਜੀ ਦੀ ਅਗਵਾਈ ਵਿਚ 1989 ਦੀਆਂ ਪਾਰਲੀਮੈਂਟ ਚੋਣਾਂ ਵਿਚ ਪੰਥਕ ਉਮੀਦਵਾਰਾਂ ਨੇ ਵੱਡੀ ਜਿੱਤ ਪ੍ਰਾਪਤ ਕੀਤੀ।
ਬਾਬਾ ਜੋਗਿੰਦਰ ਸਿੰਘ 17 ਨਵੰਬਰ 1993 ਈ: ਦੇਰ ਰਾਤ ਨੂੰ 85 ਸਾਲ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ ।

Nov
18
Wed
ਸ: ਕਰਤਾਰ ਸਿੰਘ ਝੱਬਰ ਦਾ ਅਕਾਲ ਚਲਾਣਾ
Nov 18 all-day

ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਨੇ ਸ: ਕਰਤਾਰ ਸਿੰਘ ਵਰਗੇ ਅਣਖੀ ਯੋਧੇ ਨੂੰ ਧੁਰ ਹਿਰਦੇ ਤੋਂ ਝੰਜੋੜ ਦਿੱਤਾ। ਬਾਗੀ ਸਰਗਰਮੀਆਂ ਕਰਕੇ ਹੀ ਹਕੂਮਤ ਨੇ ਫਾਂਸੀ ਦਾ ਹੁਕਮ ਸੁਣਾਇਆ, ਜੋ ਬਾਅਦ ਵਿਚ ਕਾਲੇ ਪਾਣੀ ਦੀ ਸਜ਼ਾ ਵਿਚ ਬਦਲ ਦਿੱਤਾ ਗਿਆ ਪਰ ਮਾਰਚ, 1920 ਈ: ਵਿਚ ਇਸ ਝੂਠੇ ਕੇਸ ਵਿੱਚੋਂ ਸ: ਕਰਤਾਰ ਸਿੰਘ ਅੰਡੇਮਾਨ ਦੀ ਜੇਲ੍ਹ ਵਿੱਚੋ ਰਿਹਾਅ ਹੋ ਗਏ ।
ਰਿਹਾਈ ਉਪਰੰਤ ਜਥੇਦਾਰ ਝੱਬਰ ਜੀ ਨੇ ਗੁਰਦੁਆਰਾ ਸੁਧਾਰ ਲਹਿਰ ਵਿਚ ਸਿੱਖਾਂ ਦੇ ਅਨੇਕਾਂ ਮੋਰਚਿਆਂ ਵਿਚ ਮੋਹਰੀ ਰੋਲ ਅਦਾ ਕੀਤਾ। ਚਾਹੇ ਉਹ ਗੁਰੂ ਕੇ ਬਾਗ ਦਾ ਮੋਰਚਾ ਹੋਵੇ, ਜੈਤੋ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਤਰਨ ਤਾਰਨ ਗੁਰਦਆਰੇ ਦਾ ਮੋਰਚਾ ਸੀ।

12 ਅਕਤੂਬਰ, 1920 ਈ: ਵਿਚ ਸ: ਕਰਤਾਰ ਸਿੰਘ ਝੱਬਰ ਨੇ ਸ: ਤੇਜਾ ਸਿੰਘ ਭੁੱਚਰ ਨਾਲ ਮਿਲ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅੰਗਰੇਜ਼ ਹਕੂਮਤ ਦੀ ਸਰਪ੍ਰਸਤੀ ਵਾਲੇ ਮਹੰਤਾਂ ਤੋਂ ਅਜਾਦ ਕਰਵਾਇਆ ।

ਨਨਕਾਣਾ ਸਾਹਿਬ ਜੀ ਨੂੰ ਨਰਾਇਣੂ ਮਹੰਤ ਤੋਂ ਅਜਾਦ ਕਰਵਾਉਣ ਲਈ ਸਿੰਘਾਂ ਦੇ ਗਏ 2 ਜਥਿਆ ਵਿੱਚੋਂ ਇੱਕ ਦੀ ਅਗਵਾਈ ਭਾਈ ਲਛਮਣ ਸਿੰਘ ਜੀ ਧਾਰੋਵਾਲ ਅਤੇ ਦੂਜੇ ਦੀ ਅਗਵਾਈ ਸਰਦਾਰ ਕਰਤਾਰ ਸਿੰਘ ਝੱਬਰ ਕਰ ਰਹੇ ਸਨ । ਮਹੰਤ ਅਤੇ ਸਰਕਾਰ ਦੀ ਮਿਲੀਭੁਗਤ ਅਤੇ ਨੀਚ ਇਰਾਦਿਆ ਨੂੰ ਭਾਂਪਦਿਆ ਸ: ਝੱਬਰ ਦੇ ਜਥੇ ਨੂੰ ਤਾਂ ਆਗੂ ਸਿੰਘਾਂ ਵੱਲੋਂ ਰੋਕ ਦਿੱਤਾ ਗਿਆ ਪਰ ਭਾਈ ਲਛਮਣ ਸਿੰਘ ਦਾ ਜਥਾ ਨਨਕਾਣਾ ਸਾਹਿਬ ਪਹੁੰਚ ਗਿਆ ਅਤੇ ਮਹੰਤ ਵੱਲੋਂ ਚਲਾਈਆ ਗੋਲੀਆ ਨਾਲ 150 ਸਿੰਘਾਂ ਦੀ ਸ਼ਹੀਦੀ ਹੋਈ । ਅਗਲੇ ਦਿਨ 2200 ਸਿੰਘਾਂ ਦੇ ਜਥੇ ਨੇ ਸਰਦਾਰ ਕਰਤਾਰ ਸਿੰਘ ਝੱਬਰ ਦੀ ਅਗਵਾਈ ਹੇਠ ਸ਼੍ਰੀ ਨਨਕਾਣਾ ਸਾਹਿਬ ਦਾ ਕਬਜਾ ਆਪਣੇ ਹੱਥਾਂ ਵਿੱਚ ਲਿਆ ।
ਕੌਮ ਦੇ ਹਿਤਾਂ ਲਈ ਮਰ-ਮਿਟਣ ਵਾਲਾ ਇਹ ਮਹਾਨ ਆਗੂ ਦੇਸ਼ ਦੀ ਵੰਡ ਤੋਂ ਬਾਅਦ ਉਸ ਸਮੇਂ ਦੇ ਪੰਜਾਬ ਦੇ ਜ਼ਿਲ੍ਹਾ ਕਰਨਾਲ ਦੇ ਪਿੰਡ ਹਾਬੜੀ ਵਿਚ ਜਾ ਵਸਿਆ। ਇਥੇ ਹੀ ਇਹ ਅਣਖੀ ਯੋਧਾ 20 ਨਵੰਬਰ, 1962 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਿਆ।

ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋਂ ਨੂੰ ਪੰਜਵਾਂ ਤਖ਼ਤ ਐਲਾਨਿਆ ਗਿਆ
Nov 18 all-day

1966 ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋਂ ਜਿਲਾ ਬਠਿੰਡਾ ਦੀ ਇਤਿਹਾਸਕ ਮਹੱਤਤਾ ਨੂੰ ਮੁੱਖ ਰੱਖਦਿਆ ਸਿੱਖ ਪੰਥ ਨੇ ਇਸ ਸਥਾਨ ਨੂੰ ਕੌਮ ਦੇ ਪੰਜਵੇਂ ਤਖ਼ਤ ਵਜੋਂ ਪ੍ਰਵਾਨ ਕੀਤਾ । ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇਹ ਪ੍ਰਸਿੱਧ ਅਸਥਾਨ, ਜਿਸ ਨੂੰ ਸਿਖਾਂ ਦੀ ਕਾਸ਼ੀ ਕਿਹਾ ਜਾਂਦਾ ਹੈ। ਚਮਕੌਰ ਦੀ ਜੰਗ ਅਤੇ ਖਿਦਰਾਣੇ ਦੀ ਢਾਬ ਸ਼੍ਰੀ ਮੁਕਤਸਰ ਸਾਹਿਬ ਦੀ ਜੰਗ ਤੋਂ ਬਾਅਦ ਭਾਈ ਡੱਲੇ ਦਾ ਪ੍ਰੇਮ ਦੇਖਕੇ ਕਲਗੀਧਰ ਨੇ ਇਥੇ ਕ਼ਰੀਬ ਸਾਢੇ ਨੌ ਮਹੀਨੇ ਨਿਵਾਸ ਕੀਤਾ।

Nov
22
Sun
ਮਾਸਟਰ ਤਾਰਾ ਸਿੰਘ ਦਾ ਅਕਾਲ ਚਲਾਣਾ
Nov 22 all-day

ਮਾਸਟਰ ਤਾਰਾ ਸਿੰਘ ਦਾ ਜਨਮ ਪੱਛਮੀ ਪੰਜਾਬ (ਪਾਕਿਸਤਾਨ) ਦੇ ਜ਼ਿਲ੍ਹਾ ਰਾਵਲਪਿੰਡੀ ਦੇ ਹਰਿਆਲ ਨਾਂਅ ਦੇ ਪਿੰਡ ਵਿਚ ਮਾਤਾ ਮੂਲਾਂ ਦੇਵੀ ਦੀ ਕੁੱਖ ਤੋਂ ਪਿਤਾ ਬਖਸ਼ੀ ਗੋਪੀ ਚੰਦ ਮਲਹੋਤਰਾ (ਜੋ ਕਿੱਤੇ ਵਜੋਂ ਪਟਵਾਰੀ ਸਨ) ਦੇ ਘਰ 24 ਜੂਨ, 1885 ਈ: ਨੂੰ ਹੋਇਆ। ਮਾਸਟਰ ਜੀ ਦਾ ਪਹਿਲਾਂ ਨਾਂਅ ਨਾਨਕ ਚੰਦ ਸੀ, ਪਰ ਸਿੰਘ ਸਭਾ ਲਹਿਰ ਅਤੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਦੇ ਪ੍ਰਭਾਵ ‘ਚ 1902 ਈ: ਵਿਚ ਉਹ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਅਤੇ ਨਾਨਕ ਚੰਦ ਤੋਂ ਤਾਰਾ ਸਿੰਘ ਬਣ ਗਏ।
17 ਜੁਲਾਈ, 1926 ਨੂੰ ਤੇਜਾ ਸਿੰਘ ਸਮੁੰਦਰੀ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਪੰਥ ਦੀ ਵਾਗਡੋਰ ਸੰਭਾਲੀ ਅਤੇ ਦੇਸ਼ ਦੀ ਅਜਾਦੀ ਅਤੇ ਅਕਾਲੀ ਮੋਰਚਿਆ ਦੌਰਾਨ ਕਈ ਵਾਰ ਜੇਲ ਗਏ । 1947 ਵਿੱਚ ਨਹਿਰੂ-ਗਾਂਧੀ ਦੇ ਝੂਠੇ ਲਾਰਿਆ ਵਿੱਚ ਆ ਕੇ ਸਿੱਖ ਕੌਮ ਦੀ ਕਿਸਮਤ ਹਿੰਦੋਸਤਾਨ ਨਾਲ ਜੋੜਨ ਦੀ ਉਨ੍ਹਾਂ ਦੀ ਵੱਡੀ ਸਿਧਾਂਤਕ ਗਲਤੀ ਦਾ ਅਹਿਸਾਸ ਉਨ੍ਹਾਂ ਨੂੰ ਉਦੋਂ ਹੋਇਆ, ਜਦੋਂ ਸਿੱਖ ਕੌਮ ਨੂੰ ਖੁਦਮੁਖਤਿਆਰ ਇਲਾਕਾ ਦੇਣ ਦਾ ਵਾਅਦਾ ਕਰਨ ਵਾਲੇ ਪੰਜਾਬੀ ਸੂਬਾ ਬਨਾਉਣ ਤੋਂ ਵੀ ਮੁਕਰ ਗਏ । ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ, ਜਿਸਦਾ ਖੁਮਿਆਜਾ ਕੌਮ ਭੁਗਤ ਰਹੀ ਹੈ ।
1926 ਤੋਂ 1966 ਤੱਕ ਦੀ ਸਿੱਖ ਰਾਜਨੀਤੀ ਮਾਸਟਰ ਤਾਰਾ ਸਿੰਘ ਦੇ ਦੁਆਲੇ ਹੀ ਘੁੰਮਦੀ ਹੈ । 1947 ਤੋਂ ਬਾਅਦ ਉਨ੍ਹਾਂ ‘ਸਿੱਖ ਹੋਮਲੈਂਡ’ ਦਾ ਨਾਅਰਾ ਲਾਇਆ ਅਤੇ ਸਿੱਖ ਹਿੱਤਾਂ ਲਈ ਬਹੁਤ ਸੰਘਰਸ਼ ਕੀਤਾ । ਮਾਸਟਰ ਤਾਰਾ ਸਿੰਘ ਦੇ ਅੰਤਿੰਮ ਬੋਲ ਸਨ “ਮੈ ਆਪਣੇ ਸਿਆਸੀ ਜੀਵਨ ਵਿੱਚ ਗਲਤੀਆ ਤਾਂ ਬਹੁਤ ਕੀਤੀਆ ਹੋਣਗੀਆ ਪਰ ਕਦੇ ਪੰਥ ਨਾਲ ਗਦਾਰੀ ਨਹੀ ਕੀਤੀ ।”
ਇਸ ਸਾਰੇ ਦੇ ਨਾਲ-ਨਾਲ ਉਹ ਇਕ ਲੇਖਕ ਵੀ ਸੀ। ਉਨ੍ਹਾਂ ਨੇ ਦੋ ਨਾਵਲ ‘ਪ੍ਰੇਮ ਲਗਨ’ ਅਤੇ ‘ਬਾਬਾ ਤੇਗ਼ਾ ਸਿੰਘ’ ਲਿਖੇ ਸਨ ਅਤੇ ਲੇਖਾਂ ਦੀਆਂ ਕਿਤਾਬਾਂ ‘ਕਿਉ ਵਰਣੀ ਕਿਵ ਜਾਣਾ’ ‘ਪਿਰਮ ਪਿਆਲਾ’, ‘ਗ੍ਰਹਿਸਤ ਧਰਮ ਸਿਖਿਆ ਅਤੇ ਆਪਣੀ ਜੀਵਨੀ ‘ਮੇਰੀ ਯਾਦ’ ਵੀ ਲਿਖੀਆ ਸਨ I

Nov
23
Mon
ਜੋਤੀ-ਜੋਤਿ ਬਾਬਾ ਸੁੰਦਰ ਜੀ
Nov 23 all-day

ਬਾਬਾ ਸੁੰਦਰ ਜੀ ਤੀਜੇ ਗੁਰੂ ਜੀ ਦੇ ਪੜਪੋਤੇ ਸਨ {ਗੁਰੂ ਅਮਰਦਾਸ ਜੀ ਦੇ ਪੁੱਤਰ ਬਾਬਾ ਮੋਹਰੀ ਜੀ, ਬਾਬਾ ਮੋਹਰੀ ਜੀ ਦੇ ਪੁੱਤਰ ਬਾਬਾ ਅਨੰਦ ਤੇ ਬਾਬਾ ਅਨੰਦ ਜੀ ਦੇ ਪੁੱਤਰ ਬਾਬਾ ਸੁੰਦਰ ਜੀ}। ਧੰਨੁ ਸ਼੍ਰੀ ਗੁਰੂ ਅਮਰਦਾਸ ਜੀ ਨੇ ਜੋਤੀ ਜੋਤਿ ਸਮਾਉਣ ਸਮੇਂ ਦਾਹ-ਸੰਸਕਾਰ ਸੰਬੰਧੀ ਕੁਝ ਪਿਆਰੇ ਬੋਲ ਬਖ਼ਸ਼ਸ਼ ਕੀਤੇ ਸਨ। ਇਨ੍ਹਾਂ ਬੋਲਾਂ ਨੂੰ ਬਾਬਾ ਸੁੰਦਰ ਜੀ ਨੇ ਰਾਮਕਲੀ ਰਾਗ ਵਿੱਚ ‘ਸਦ’ ਸਿਰਲੇਖ ਹੇਠ ਦਰਜ ਕੀਤਾ ਹੈ।
ਬਾਬਾ ਸੁੰਦਰ ਜੀ ਦੀ ਬਾਣੀ ‘ਸਦੁ’ ਰਾਮ ਰਾਮਕਲੀ ਵਿੱਚ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਅੰਗ 923 ਉੱਤੇ ਸੋਭਨੀਕ ਹੈ। ‘ਸਦੁ’ ਦਾ ਸ਼ਬਦਿਕ ਮਤਲੱਬ ਬੁਲਾਵਾ ਹੈ। ਆਪ ਜੀ ਦੀ ਰਚਨਾ ‘ਸਦੁ’ ਦੀ 6 ਪਉੜੀਆ ਹਨ। ਇਸ ਰਚਨਾ ਦਾ ਮੁੱਖ ਆਧਾਰ ਰਜਾ ਮੰਨਣਾ ਹੈ, ਜਗਤ ਚਲਾਇਮਾਨ ਹੈ ਅਤੇ ਇਸ ਸੱਚ ਨੂੰ ਸਵੀਕਾਰ ਕਰਦੇ ਹੋਏ ਮਰਣ ਉੱਤੇ ਰੋਣਾ–ਧੋਣਾ ਨਹੀਂ ਕਰਣ ਦਾ ਉਪਦੇਸ਼ ਹੈ।

ਭਾਈ ਕਾਨ੍ਹ ਸਿੰਘ ਨਾਭਾ ਦਾ ਅਕਾਲ ਚਲਾਣਾ
Nov 23 all-day

ਸਾਹਿਤ ਅਤੇ ਧਾਰਮਿਕ ਖੇਤਰ ‘ਚ ਆਪਣੇ ਵਿਲੱਖਣ ਯੋਗਦਾਨ ਸਦਕਾ ਭਾਈ ਕਾਨ੍ਹ ਸਿੰਘ ਨਾਭਾ ਦਾ ਨਾਂਅ ਪੰਜਾਬੀ ਜਗਤ ਵਿਚ ਸ਼ਿਰੋਮਣੀ ਵਿਦਵਾਨਾਂ ਦੀ ਸੂਚੀ ਵਿਚ ਪਹਿਲੇ ਨੰਬਰ ਤੇ ਗਿਣਿਆ ਜਾਂਦਾ ਹੈ। ‘ਹਮ ਹਿੰਦੂ ਨਹੀਂ’, ਗੁਰੁਮਤ ਪ੍ਰਭਾਕਰ, ਗੁਰੁਮਤ ਸੁਧਾਕਰ, ਸੱਦ ਕਾ ਪਰਮਾਰਥ, ਅਤੇ ਗੁਰੁ ਗਿਰਾ ਕਸੌਟੀ ਵਰਗੀਆਂ ਅਨਮੋਲ ਪੁਸਤਕਾਂ ਦੀ ਰਚਨਾ ਕੀਤੀ।
ਉਨ੍ਹਾਂ ਦੀ ਸਿੱਖ ਪੰਥ ਅਤੇ ਪੰਜਾਬੀ ਸਾਹਿਤ ਨੂੰ ਅਣਮੁੱਲੀ ਦਾਤ ‘ਗੁਰੂਸ਼ਬਦ ਰਤਨਾਕਰ ਮਹਾਨ ਕੋਸ਼ ਦੀ ਰਚਨਾ ਸੀ, ਮਹਾਨ ਕੋਸ਼ ਭਾਈ ਕਾਨ੍ਹ ਸਿੰਘ ਨਾਭਾ ਦਾ ਲਿਖਿਆ ਪੰਜਾਬੀ ਐਨਸਾਈਕਲੋਪੀਡੀਆ ਜਾਂ ਸ਼ਬਦ ਕੋਸ਼ ਗ੍ਰੰਥ ਹੈ। ਤਕਰੀਬਨ 14 ਸਾਲ ਦੀ ਖੋਜ ਤੋਂ ਬਾਅਦ ਭਾਈ ਕਾਨ੍ਹ ਸਿੰਘ ਨੇ 1926 ਵਿੱਚ ਇਸਨੂੰ ਪੂਰਾ ਕੀਤਾ ਅਤੇ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਦੀ ਮਾਇਕ ਪੱਖੋਂ ਮਦਦ ਨਾਲ 1930 ਵਿੱਚ ਸੁਦਰਸ਼ਨ ਪ੍ਰੈਸ, ਅੰਮ੍ਰਿਤਸਰ ਨੇ 3335 ਪੰਨਿਆਂ ਦੇ ਇਸ ਕੋਸ਼ ਨੂੰ ਚਾਰ ਜਿਲਦਾਂ ਵਿਚ ਛਾਪਿਆ ।[ ਇਸ ਵਿੱਚ ਸਿੱਖ ਸਾਹਿਤ, ਇਤਿਹਾਸ, ਪੰਜਾਬੀ ਬੋਲੀ ਅਤੇ ਸੱਭਿਆਚਾਰ ਨਾਲ਼ ਸਬੰਧਤ ਲਫ਼ਜ਼ਾਂ ਦੇ ਮਾਅਨੇ ਇੱਕ ਸਿਲਸਿਲੇਵਾਰ ਢੰਗ ਨਾਲ਼ ਦਿੱਤੇ ਗਏ ਹਨ ਜਿਸ ਕਰਕੇ ਇਹ ਸਿਰਫ਼ ਸਿੱਖ ਧਰਮ ਦਾ ਹੀ ਨਹੀਂ ਸਗੋਂ ਪੰਜਾਬੀ ਜ਼ਬਾਨ ਦਾ ਵੀ ਗਿਆਨ ਕੋਸ਼ ਹੈ।
ਧੰਨ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ, ਭਾਈ ਗੁਰਦਾਸ ਜੀ ਦੀਆ ਵਾਰਾਂ, ਭਾਈ ਨੰਦ ਲਾਲ ਜੀ ਦੀਆ ਗਜਲਾਂ ਅਤੇ ਹੋਰ ਸਿੱਖ ਸਾਹਿਤ ਵਿੱਚ ਵਰਤੇ ਗਏ ਲਗਭਗ ਸਾਰੇ ਸ਼ਬਦਾਂ ਦੇ ਅਰਥ ਇਸ ਮਹਾਨ ਕੋਸ਼ ਵਿੱਚੋਂ ਮਿਲ ਜਾਂਦੇ ਹਨ ।
23 ਨਵੰਬਰ 1938 ਵਿਚ 77 ਸਾਲ ਦੀ ਉਮਰ ਵਿਚ ਦਿਲ ਦੀ ਧੜਕਣ ਬੰਦ ਹੋਣ ਨਾਲ ਨਾਭੇ ਵਿਖੇ ਭਾਈ ਸਾਹਿਬ ਦਾ ਦੇਹਾਂਤ ਹੋਇਆ।

Nov
26
Thu
ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਮਾਣਾ ਸ਼ਹਿਰ ਫਤਹਿ ਕੀਤਾ
Nov 26 all-day

ਬਾਬਾ ਬੰਦਾ ਸਿੰਘ ਜੀ ਬਹਾਦਰ ਲਈ ਸਮਾਣਾ ਸ਼ਹਿਰ ਬਹੁਤ ਮਹੱਤਵਪੂਰਨ ਸੀ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਜਲਾਦ ਸੱਯਦ ਜਲਾਲੂਦੀਨ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਨੂੰ ਸ਼ਹੀਦ ਕਰਨ ਵਾਲੇ ਜਲਾਦ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਸਮਾਣਾ ਸ਼ਹਿਰ ਦੇ ਰਹਿਣ ਵਾਲੇ ਸਨ। ਇਸ ਤੋਂ ਇਲਾਵਾ ਸਮਾਣਾ ਮੁਗਲ ਸਲਤਨਤ ਦਾ ਇਕ ਅਮੀਰ ਸ਼ਹਿਰ ਸੀ। ਉਸ ਸਮੇਂ ਸ਼ਹਿਰ ਵਿਚੋਂ 22 ਪਾਲਕੀਆਂ ਨਿਕਲਦੀਆਂ ਸਨ ਭਾਵ ਕਿ ਇਥੋਂ ਦੇ ਸੱਯਦਾਂ ਅਤੇ ਮੁਗਲਾਂ ਦੇ 22 ਅਮੀਰ ਘਰਾਣਿਆਂ ਨੂੰ ਬਾਦਸ਼ਾਹ ਵੱਲੋਂ ਪਾਲਕੀਆਂ ਵਿਚ ਚੱਲਣ ਦੀ ਇਜ਼ਾਜਤ ਸੀ।

ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਪ੍ਰਾਪਤ ਕਰਕੇ ਪੰਜਾਬ ਵੱਲ ਆ ਰਹੇ ਬਾਬਾ ਬੰਦਾ ਸਿੰਘ ਜੀ ਨੇ ਪਹਿਲਾ ਕੈਂਥਲ ਫਤਹਿ ਕੀਤਾ ਅਤੇ ਫਿਰ ਇਥੋਂ 55 ਕਿਲੋਮੀਟਰ ਦੂਰ ਸਮਾਣੇ ਸ਼ਹਿਰ ਵੱਲ ਕੂਚ ਕੀਤਾ । ਉਨ੍ਹਾਂ ਨੇ 26 ਨਵੰਬਰ 1709 ਈਸਵੀ ਨੂੰ ਸੁਵਖਤੇ ਸਮਾਣਾ ‘ਤੇ ਹਮਲਾ ਕੀਤਾ। ਕੁਝ ਹੀ ਘੰਟਿਆਂ ਵਿਚ ਬਾਦਸ਼ਾਹ ਸਲਤਨਤ ਦਾ ਇਕ ਅਮੀਰ ਸ਼ਹਿਰ ਮਿੱਟੀ ਵਿਚ ਮਿਲਾ ਦਿੱਤਾ ਗਿਆ। ਬੰਦਾ ਸਿੰਘ ਬਹਾਦਰ ਦਾ ਹਮਲਾ ਇੰਨਾ ਤੇਜ਼ ਸੀ ਕਿ ਮੁਗਲਾਂ ਅਤੇ ਸੱਯਦਾਂ ਦੀ ਬਾਬਾ ਜੀ ਦਾ ਮੁਕਾਬਲਾ ਕਰਨ ਦੀ ਹਿੰਮਤ ਨਾ ਪਈ ਅਤੇ ਉਹ ਖਾਲਸਾ ਫੌਜ ਅੱਗੇ ਬੇਵੱਸ ਹੋ ਗਏ। ਇਤਿਹਾਸ ਦੇ ਅੰਦਾਜ਼ੇ ਮੁਤਾਬਿਕ ਇਕ ਦਿਨ ਵਿਚ 10 ਹਜ਼ਾਰ ਜਾਨਾਂ ਗਈਆਂ। ਭਾਈ ਫ਼ਤਹਿ ਸਿੰਘ ਨੂੰ ਇਥੋਂ ਦਾ ਫ਼ੌਜਦਾਰ ਬਣਾਇਆ ਗਿਆ।’

Nov
30
Mon
ਸ਼ਹੀਦੀ ਭਾਈ ਜਗਜੀਤ ਸਿੰਘ ਜੀ ਉਧੋਕੇ
Nov 30 all-day

30 ਨਵੰਬਰ 1992 ਨੂੰ ਭਾਈ ਜਗਜੀਤ ਸਿੰਘ ਉਧੋਕੇ ਅਤੇ ਸਾਥੀ ਸਿੰਘਾਂ ਨੂੰ ਪਿੰਡ ਸਿਕੰਦਰ ਜ਼ਿਲਾ ਫਤਿਹਗੜ ਸਾਹਿਬ ਵਿਖੇ ਮੁਖਬਰ ਦੀ ਸੂਹ ਤੇ ਪੁਲਿਸ ਨੇ ਘੇਰਾ ਪਾ ਲਿਆ । ਜਦੋ ਸਿੰਘਾਂ ਨੇ ਆਪਣੇ ਹੱਥ ਵਿਖਾਏ ਤਾਂ ਫੋਰਸਾਂ ਨੇ ਬੁਲਟ ਪਰੂਫ ਟਰੈਕਟਰ ਮੰਗਵਾ ਲਏ । ਟਰੈਕਟਰ ਦੀ ਛਤ ਤੇ ਭਾਰੀ ਮਸ਼ੀਨ ਗੰਨਾ ਲਗੀਆਂ ਹੋਈਆਂ ਸੀ | ਜਦ ਭਾਈ ਜਗਜੀਤ ਸਿੰਘ ਨੇ ਵੇਖਿਆ ਤਾਂ ਆਪ ਬੁਲਟ ਪਰੂਫ ਟਰੈਕਟਰ ਦੇ ਨੇੜੇ ਚਲੇ ਗਏ ਅਤੇ ਓਸਦੀ ਛਤ ਤੇ ਛਾਲ ਮਾਰ ਦਿਤੀ ਅਤੇ ਖੁਦ ਟਰੈਕਟਰ ਦੀ ਸਟੇਰਿੰਗ ਸੰਭਾਲ ਲਈ ਅਤੇ ਦੁਸ਼ਮਣ ਦਾ ਭਾਰੀ ਨੁਕਸਾਨ ਕੀਤਾ ।
ਪੁਲਿਸ ਨੇ ਮੀਡੀਆ ਨੂੰ ਦੱਸਿਆ ਕਿ ਇਹ 7 ਘੰਟੇ ਦਾ ਮੁਕਾਬਲਾ ਸੀ ਪਰ ਪਿੰਡ ਦੇ ਲੋਕਾਂ ਮੁਤਾਬਕ ਇਹ ਮੁਕਾਬਲਾ 24 ਘੰਟੇ ਤਕ ਚਲਿਆ ਸੀ,ਜਿਸ ਵਿਚ ਭਾਈ ਜਗਜੀਤ ਸਿੰਘ ਜੱਗੀ ਉਧੋਕੇ ਸ਼ਹੀਦ ਹੋ ਗਏ ਸਨ |

Dec
2
Wed
ਬਾਬਾ ਗੁਰਬਖਸ਼ ਸਿੰਘ ਜੀ ਅਤੇ 30 ਸਿੰਘਾ ਦੀ ਸ਼ਹੀਦੀ
Dec 2 all-day

ਅਬਦਾਲੀ ਨੇ ਹਿੰਦੋਸਤਾਨ ਉੁਪਰ ਸੱਤਵੇ ਹਮਲੇ ਸਮੇਂ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ ਤੇ ਹਮਲਾ ਕਰ ਦਿੱਤਾ । ਉਸ ਸਮੇਂ ਉਥੇ ਕੇਵਲ 30 ਸਿੰਘ ਹੀ ਮੌਜੂਦ ਸਨ ।
ਭਾਈ ਰਤਨ ਸਿੰਘ (ਭੰਗੂ) ਲਿਖਦੇ ਹਨ –
ਕਰ ਕੰਗਨੋ, ਸਿਰ ਸੇਹਰੋ ਮੋਢੇ ਧਰ ਤਲਵਾਰ।
ਤਖਤੋਂ ਉਤਰ ਨਿਹੰਗ ਸਿੰਘ ਪੂਜਣ ਚਲਯੋ ਦਰਬਾਰ॥43॥
ਹਰਿਮੰਦਰ ਕੇ ਹਜੂਰ ਇਮ ਖੜ ਕਰ ਕਰੀ ਅਰਦਾਸ।
ਸਤਿਗੁਰ ਸਿੱਖੀ ਸੰਗ ਨਿਭੈ ਸੀਸ ਕੇਸਨ ਕੇ ਸਾਥ॥48॥
30 ਸਿੰਘਾ ਨੇ ਅਬਦਾਲੀ ਦੀਆ 36000 ਫੌਜ਼ਾ ਨੂੰ ਭਾਜੜਾ ਪਾ ਦਿੱਤੀਆ ਅਤੇ ਆਖਰੀ ਸਾਹ ਤੱਕ ਜੂਝਦੇ ਰਹੇ ।

Dec
19
Sat
ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ
Dec 19 all-day

ਦਸੰਬਰ 1704 ਦਾ ਮਹੀਨਾ ਸੀ, ਕੜਾਕੇ ਦੀ ਠੰਢ ਪੈ ਰਹੀ ਸੀ। ਦੁਸ਼ਮਣ ਦੀ ਫੌਜ ਨੂੰ ਅਨੰਦਪੁਰ ਸਾਹਿਬ ਦਾ ਘੇਰਾ ਪਾਈ ਅੱਠ ਮਹੀਨੇ ਤੋਂ ਵੱਧ ਹੋ ਗਏ ਸਨ। ਖਾਲਸਾ ਫੌਜਾਂ ਬੜੇ ਧੀਰਜ ਨਾਲ ਦੁਸ਼ਮਣ ਦਾ ਮੁਕਾਬਲਾ ਕਰ ਰਹੀਆਂ ਸਨ। ਕਿਲੇ ਵਿਚੋਂ ਰਸਦ ਪਾਣੀ ਮੁੱਕਦਾ ਜਾ ਰਿਹਾ ਸੀ। ਇਹੋ ਜਿਹਾ ਸਮਾਂ ਆ ਗਿਆ ਕਿ ਚਾਰ ਸਿੱਖ ਕਿਲ੍ਹੇ ਵਿਚੋਂ ਨਿਕਲਦੇ ਤੇ ਕਿਸੇ ਇਕ ਪਾਸੇ ਦੁਸ਼ਮਣ ‘ਤੇ ਹਮਲਾ ਕਰਕੇ ਦੋ ਸਿੱਖ ਸ਼ਹੀਦ ਹੋ ਜਾਂਦੇ ਤੇ ਦੋ ਜਿੰਨਾ ਹੋ ਸਕੇ ਰਸਦ-ਪਾਣੀ ਲੁੱਟ ਕੇ ਕਿਲ੍ਹੇ ਅੰਦਰ ਲੈ ਆਉਂਦੇ। ਸਮਕਾਲੀ ਕਵੀ ਸੈਨਾਪਤੀ ਨੇ ‘ਗੁਰੂ ਸ਼ੋਭਾ’ ਵਿਚ ਲਿਖਿਆ ਹੈ-
‘ਚਾਰਿ ਸਿੱਖ ਪਾਨੀ ਕਉ ਜਾਵੈ।
ਦੋ ਜੂਝੈ ਦੋ ਪਾਨੀ ਲਿਆਵੈ।’
ਆਖ਼ਰ 20 ਦਸੰਬਰ 1704 ਈ. ਨੂੰ ਰਾਤ ਦੇ ਪਹਿਲੇ ਪਹਿਰ ਸੰਗਤਾਂ ਦੇ ਜ਼ੋਰ ਪਾਉਣ ’ਤੇ ਸ਼ਸਤਰ ਅਤੇ ਗੋਲੀ ਬਾਰੂਦ ਅਤੇ ਸਾਹਿਤ ਨੂੰ ਸੰਭਾਲ ਕੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਨੂੰ ਛੱਡ ਦਿੱਤਾ। ਦੁਸ਼ਮਣ ਫੌਜ਼ਾਂ ਵੱਲੋਂ ਸਭ ਕਸਮਾਂ ਵਾਅਦੇ ਭੁਲਾ ਕੇ ਪਿਛੋਂ ਹਮਲਾ ਕਰ ਦਿੱਤਾ। ਸਾਹਿਬਜ਼ਾਦਾ ਅਜੀਤ ਸਿੰਘ ਅਤੇ ਉਦੈ ਸਿੰਘ ਆਦਿ ਯੋਧੇ ਆਉਂਦੀ ਫੌਜ ਨੂੰ ਰੋਕਣ ਲਈ ਡੱਟ ਗਏ ਤਾ ਕਿ ਗੁਰੂ ਸਾਹਿਬ ਅਤੇ ਪਰਿਵਾਰ ਸੰਗਤ ਸਮੇਤ ਸਰਸਾ ਪਾਰ ਕਰ ਜਾਣ ।