ਆਪ ਜਿੱਥੇ ਹੱਥ ਵਿੱਚ ਹਥਿਆਰ ਫੜ ਕੇ ਗੁਰੀਲਾ ਜੰਗ ਲੜਨ ਵਿੱਚ ਪੂਰੇ ਮਾਹਰ ਸਨ,ਉੱਥੇ ਨਾਲ ਹੀ ਆਪ ਕਲਮ ਦੇ ਵੀ ਧਨੀ ਸਨ ਸਨ।ਆਪ ਦੀਆਂ ਲਿਖਤਾਂ ਜੋ ਕਿ ਓਸ ਸਮੇਂ ਦੇ ਵੱਖ-ਵੱਖ ਪੰਥਕ ਮੈਗਜ਼ੀਨਾਂ ਵਿੱਚ ਛਪਦੀਆਂ ਸਨ ਫ਼ਰਵਰੀ 1991 ਚ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੇ ਨਾਂ ਲਿਖੀ ਆਪ ਦੀ ਖੁੱਲ੍ਹੀ ਚਿੱਠੀ ਵਿਦਵਾਨ ਹਲਕਿਆਂ ਚ ਕਾਫ਼ੀ ਚਰਚਿਤ ਰਹੀ।
ਭਾਈ ਬਘੇਲ ਸਿੰਘ ਇਸੇ ਹੀ ਤਰ੍ਹਾਂ ਸੰਘਰਸ਼ ਚ ਬੜੀ ਸੂਝ-ਬੂਝ ਨਾਲ ਅਗਵਾਈ ਦਿੰਦੇ ਰਹੇ। ਆਪ ਨੂੰ ਦਸੰਬਰ 1991 ਦੇ ਅਖੀਰ ਵਿੱਚ ਬਿਹਾਰ ਦੀ ਜਮਸ਼ੇਦਪੁਰ ਪੁਲੀਸ ਨੇ ਟਾਟਾ ਨਗਰ ਤੋਂ ਇੱਕ ਸਾਥੀ ਭਾਈ ਬਲਕਾਰ ਸਿੰਘ ਦੇ ਨਾਲ ਗ੍ਰਿਫ਼ਤਾਰ ਕਰ ਲਿਆ I
ਜਨਵਰੀ 1992 ਨੂੰ ਪੰਜਾਬ ਪੁਲੀਸ ਆਪ ਨੂੰ ਇੱਕ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਪੰਜਾਬ ਲੈ ਆਈ। ਹੁਣ ਲਗਭਗ ਤੈਅ ਸੀ ਕਿ ਆਪ ਉੱਪਰ ਅੰਨ੍ਹਾ ਤਸ਼ੱਦਦ ਕਰ ਕੇ ਆਪ ਨੂੰ ਸ਼ਹੀਦ ਕਰ ਦਿੱਤਾ ਜਾਵੇਗਾ,ਇਸ ਲਈ ਵੱਖ-ਵੱਖ ਪੰਥਕ ਧਿਰਾਂ ਨੇ ਅਖਬਾਰਾਂ ਰਾਹੀਂ ਆਪ ਨੂੰ ਅਦਾਲਤ ਚ ਪੇਸ਼ ਕਰਨ ਦੀਆਂ ਅਪੀਲਾਂ ਕੀਤੀਆਂ। ਪਰ ਬੁਖਲਾਈ ਹੋਈ ਹਿੰਦ ਸਰਕਾਰ ਇਸ ਦੂਰਅੰਦੇਸ਼ ਤੇ ਵਿਦਵਾਨ ਜੁਝਾਰੂ ਨੂੰ ਜਿਉਂਦਾ ਛੱਡਣ ਦਾ ਖਤਰਾ ਮੁੱਲ ਨਹੀਂ ਸੀ ਲੈਣਾ ਚਾਹੁੰਦੀ I 20 ਜਨਵਰੀ 1992 ਦੀਆਂ ਅਖਬਾਰਾਂ ਵਿੱਚ ਨਸਰ ਕੀਤਾ ਕਿ ਭਾਈ ਬਘੇਲ ਸਿੰਘ ਪੁਲੀਸ ਹਿਰਾਸਤ ਚੋਂ ਫ਼ਰਾਰ ਹੋਣ ਦੀ ਕੋਸ਼ਿਸ਼ ਵਿੱਚ ਪਿੰਡ ਗੱਗੜਭਾਣੇ ਕੋਲ ਟਰੱਕ ਹੇਠ ਆ ਕੇ ਕੁਚਲੇ ਗਏ ਹਨ I