26 ਜਨਵਰੀ 1986 ਨੂੰ ਅਕਾਲ ਤਖਤ ਸਾਹਿਬ ’ਤੇ ਹੋਏ ਸਰਬੱਤ ਖਾਲਸਾ ਨੇ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ, ਪ੍ਰੰਤੂ ਉਨ੍ਹਾਂ ਦੀ ਤਿਹਾੜ ਜੇਲ੍ਹ ਵਿਚ ਨਜ਼ਰਬੰਦੀ ਕਾਰਨ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ।
ਬਰਨਾਲਾ ਸਰਕਾਰ ਸਮੇਂ 30 ਅਪ੍ਰੈਲ 1986 ਨੂੰ ਹੋਏ ‘ਅਪ੍ਰੇਸ਼ਨ ਬਲੈਕ ਥੰਡਰ’ ਦੌਰਾਨ ਭਾਈ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਲਗਭਗ 2 ਸਾਲ ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿਚ ਰੱਖਿਆ ਗਿਆ।
1989 ਦੇ ਆਰ.ਐਸ.ਐਸ. ਦੀ ਸ਼ਾਖਾ ’ਤੇ ਹੋਏ ਗੋਲੀ ਕਾਂਡ ਤੋਂ ਬਾਅਦ ਲੁਧਿਆਣਾ ਦੇ ਐਸ.ਐਸ.ਪੀ. ਸੁਮੇਧ ਸੈਣੀ ਨੇ ਭਾਈ ਸਾਹਿਬ ’ਤੇ ਅੰਨ੍ਹਾ ਤਸ਼ੱਦਦ ਕੀਤਾ ਤੇ ਕਈ ਘੰਟੇ ਪੁੱਠੇ ਲਟਕਾਈ ਰੱਖਿਆ।
1989 ਵਿਚ ਹੀ ਬਿਦਰ ਕਾਂਡ ਵਿਚ ਫਿਰ ਆਪ ਨੂੰ ਚੁੱਕ ਲਿਆ ਗਿਆ ਤੇ ਇਕ ਸਾਲ ਜੇਲ੍ਹ ’ਚ ਰੱਖਿਆ ਗਿਆ।
19 ਮਈ 1991 ਵਿਚ ਭਾਈ ਸਾਹਿਬ ਫਿਰ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਅਤੇ ਡੇਢ ਸਾਲ ਦੇ ਲਗਭਗ ਫਿਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਰਹਿਣਾ ਪਿਆ।
20 ਦਸੰਬਰ 1992 ਨੂੰ ਤੜਕੇ 4 ਵਜੇ ਜਗਰਾਓਂ ਪੁਲਿਸ ਨੇ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ, ਜਦੋਂ ਬਾਲੜੇ ਦੋਹਤੇ ਦੀ ਲਾਸ਼ ਘਰ ਵਿਚ ਪਈ ਸੀ। ਉਸ ਦਿਨ ਤਾਂ ਭਾਵੇਂ ਆਪ ਨੂੰ ਜਲਦੀ ਹੀ ਛੱਡ ਦਿੱਤਾ ਗਿਆ, ਪ੍ਰੰਤੂ ਪੁਲਿਸ ਜਥੇਦਾਰ ਕਾਉਂਕੇ ਦੀ ਹੋਣੀ ਦਾ ਫੈਸਲਾ ਕਰ ਚੁੱਕੀ ਸੀ, ਇਸੇ ਕਰਕੇ 25 ਦਸੰਬਰ ਨੂੰ ਸੈਂਕੜੇ ਪਿੰਡ ਵਾਸੀਆਂ ਦੇ ਇਕੱਠ ਸਾਹਮਣੇ ਜਗਰਾਉਂ ਪੁਲਿਸ ਨੇ ਆਪ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਆਪਣੇ ਪਿੰਡ ਵਾਸੀਆਂ ਨੂੰ ਅਲ਼ਵਿਦਾ ਆਖਦੇ ਹੋਏ ਇਹ ਸ਼ਬਦ ਕਹੇ ਸਨ “ਇਸ ਵਾਰ ਪੁਲਸ ਆਪਣਾ ਕਾਰਾ ਕਰਕੇ ਰਹੂਗੀ।”
4 ਜਨਵਰੀ 1993 ਦੀ ਸਵੇਰ ਅਖਬਾਰਾਂ ਦੀਆਂ ਮੋਟੀਆਂ ਸੁਰਖੀਆਂ ਵਿਚ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਪੁਲਸ ਹਿਰਾਸਤ ਵਿਚੋਂ ਫਰਾਰੀ ਦੀ ਖਬਰ ਸੀ। ਪੰਜਾਬ ਦੇ ਲੋਕ ਸਮਝ ਗਏ ਕਿ ਭਾਣਾ ਵਾਪਰ ਚੁੱਕਾ ਹੈ ਕਿਉਕਿ ਇਹ ਪੁਲਿਸ ਦਾ ਆਮ ਹੀ ਵਰਤਾਰਾ ਸੀ ਕਿ ਸਿੰਘਾਂ ਨੂੰ ਮਾਰ ਕੇ ਬਾਅਦ ਵਿੱਚ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋਣ ਦੀ ਝੂਠੀ ਖਬਰ ਦੇ ਦਿੱਤੀ ਜਾਂਦੀ ਸੀ ।
ਅਸਲੀਅਤ ਵਿਚ ਪੁਲਸ ਵਲੋਂ ਭਾਈ ਸਾਹਿਬ ਨੂੰ 25 ਦਸੰਬਰ ਤੋਂ ਲਗਾਤਾਰ ਤਸੀਹੇ ਦਿੱਤੇ ਗਏ, ਉਨ੍ਹਾਂ ’ਤੇ ਅੰਨ੍ਹਾ ਤਸ਼ੱਦਦ ਕੀਤਾ ਗਿਆ I ਅਤੇ 1 ਜਨਵਰੀ ਨੂੰ ਸ਼ਹੀਦ ਕਰ ਦਿੱਤਾ ਗਿਆ ।
ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਭਾਈ ਕਾਉਂਕੇ ਦੀ ਫਰਾਰੀ ਸਬੰਧੀ ਝੂਠੀ ਕਹਾਣੀ ਤੋਂ ਬਾਅਦ ਭਾਈ ਕਾਉਂਕੇ ਦੀ ਸ਼ਹਾਦਤ ਸਬੰਧੀ ਤੇ ਪੁਲਿਸ ਤਸ਼ੱਦਦ ਵਿਰੁੱਧ ਨਾਅਰਾ ਬੁਲੰਦ ਕਰਨ ਵਾਲਿਆਂ ਵਿਚ ਅੱਗੇ ਸਨ। ਬਾਦਲ ਨੇ ਕਾਉਂਕੇ ਪਿੰਡ ਜਾਣ ਲਈ ਰੋਸ ਧਰਨ ਵੀ ਦਿੱਤਾ ਸੀ ਅਤੇ ਜੇਲ੍ਹ ਯਾਤਰਾ ਵੀ ਕੀਤੀ ਸੀ। ਪ੍ਰੰਤੂ ਹੁਣ ਸ਼ਾਇਦ ਹਾਲਾਤ ਬਦਲ ਗਏ ਹਨ, ਤਿਵਾੜੀ ਕਮਿਸ਼ਨ ਵੱਲੋਂ ਭਾਈ ਕਾਉਂਕੇ ਦੇ ਝੂਠੇ ਪੁਲਿਸ ਮੁਕਾਬਲੇ ਦੀ ਜਾਂਚ ਰਿਪੋਰਟ ਸਰਕਾਰ ਨੂੰ ਦਿੱਤਿਆ 12 ਸਾਲ ਹੋ ਗਏ ਹਨ ਪਰ ਪੰਥਕ ਸਰਕਾਰ ਵੱਲੋਂ ਇਹ ਜਾਂਚ ਰਿਪੋਰਟ ਜਨਤਕ ਨਹੀ ਕੀਤੀ ਗਈ ।